ਵੱਡੀ ਖ਼ਬਰ: ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਨੋਟਿਸ ਜਾਰੀ
ਬਠਿੰਡਾ :

ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੁੱਡਾ ਦੀ ਕਮਰਸ਼ੀਅਲ ਜਗ੍ਹਾ ਨੂੰ ਰੈਜ਼ੀਡੈਂਸ਼ੀਅਲ ਕਰਕੇ ਕੌਡੀਆਂ ਦੇ ਭਾਅ ਖ਼ਰੀਦਣ ਦੇ ਮਾਮਲੇ ’ਤੇ ਆਖਰਕਾਰ ਕਾਰਵਾਈ ਸ਼ੁਰੂ ਹੋ ਗਈ ਹੈ।

ਇਹ ਦਾਅਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਰਦਿਆਂ ਦੱਸਿਆ ਕਿ ਹੁੱਡਾ ਦੀ ਜਗ੍ਹਾ ਨੂੰ ਕੌਡੀਆਂ ਦੇ ਭਾਅ ਖ਼ਰੀਦਣ ਦੇ ਮਾਮਲੇ ਦੀ ਉਨ੍ਹਾਂ ਵੱਲੋਂ ਕੀਤੀ ਗਈ ਸ਼ਿਕਾਇਤ ਨੰਬਰ 149 ਸਾਲ 2021 ’ਤੇ ਲੋਕਪਾਲ ਪੰਜਾਬ ਵੱਲੋਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨੋਟਿਸ ਕੱਢ ਕੇ ਜਵਾਬ ਮੰਗਿਆ ਗਿਆ ਹੈ।

ਮਾਮਲੇ ਦੀ ਅਗਲੀ ਸੁਣਵਾਈ 18 ਫਰਵਰੀ ਨੂੰ ਹੋਣੀ ਹੈ। ਸਿੰਗਲਾ ਨੇ ਕਿਹਾ ਕਿ ਖਜ਼ਾਨਾ ਮੰਤਰੀ ਦੇ ਅਹੁਦੇ ਦੀ ਦੁਰਵਰਤੋਂ ਕਰਕੇ ਕੀਤੀ ਗਈ ਕਮਾਈ ਦਾ ਹਿਸਾਬ ਜਨਤਾ ਨੂੰ ਦੇਣਾ ਪਵੇਗਾ ਤੇ ਉਹ ਓਨਾ ਚਿਰ ਆਰਾਮ ਨਾਲ ਨਹੀਂ ਬੈਠਣਗੇ

ਜਦੋਂ ਤਕ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅਹੁਦੇ ਦੀ ਦੁਰਵਰਤੋਂ ਕਰਕੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਪਹੁੰਚਾਏ ਗਏ ਨੁਕਸਾਨ ’ਤੇ ਸਜ਼ਾ ਨਹੀਂ ਮਿਲ ਜਾਂਦੀ।

ਉਨ੍ਹਾਂ ਦੱਸਿਆ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੁੱਡਾ ਦੀ ਕਮਰਸ਼ੀਅਲ ਜਗ੍ਹਾ ਨੂੰ ਰੈਜ਼ੀਡੈਂਸ਼ੀਅਲ ਕਰਕੇ 28 ਹਜ਼ਾਰ ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਖਰੀਦਿਆ ਗਿਆ ਹੈ, ਜਦੋਂ ਕਿ ਉਕਤ ਜਗ੍ਹਾ ਦਾ ਰੇਟ ਡੇਢ ਲੱਖ ਰੁਪਏ ਪ੍ਰਤੀ ਗਜ਼ ਤੋਂ ਬਹੁਤ ਉੱਪਰ ਹੈ।