ਅੱਜ ਪੰਜਾਬ ਆਉਣਗੇ ਕੇਜਰੀਵਾਲ, ਕਰਨਗੇ ਮੁੱਖ ਮੰਤਰੀ ਚੇਹਰੇ ਦਾ ਐਲਾਨ
ਚੰਡੀਗੜ੍ਹ :

ਵਿਧਾਨ ਸਭਾ ਚੋਣਾਂ ਲਈ ਅੱਜ (ਮੰਗਲਵਾਰ) ਨੂੰ ਆਮ ਆਦਮੀ ਪਾਰਟੀ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ। ਇਹ ਐਲਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਕਰਨਗੇ। ਇਸ ਲਈ ਕੇਜਰੀਵਾਲ ਬਕਾਇਦਾ ਮੋਹਾਲੀ ਵਿਚ ਅੱਜ 12 ਵਜੇ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ। ਇਸ ਦੌਰਾਨ ਉਹ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ। ਉਂਝ ਕੇਜਰੀਵਾਲ ਪਹਿਲਾਂ ਹੀ ਆਖ ਚੁੱਕੇ ਹਨ ਕਿ ਕਿਸੇ ਸਿੱਖ ਚਿਹਰੇ ਨੂੰ ਹੀ ਪਾਰਟੀ ਵਲੋਂ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਜਾਵੇਗਾ।

‘ਆਪ’ ਨੇ ਜਾਰੀ ਕੀਤਾ ਸੀ ਟੋਲ ਫ੍ਰੀ ਨੰਬਰ

ਦੱਸਣਯੋਗ ਹੈ ਕਿ ਆਮ ਆਦਮੀ ਪਾਟੀ ਨੇ ਮੁੱਖ ਮੰਤਰੀ ਚਿਹਰੇ ‘ਤੇ ਜਨਤਾ ਤੋਂ ਸੁਝਾਅ ਲਈ ਪਾਰਟੀ ਨੇ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਸੀ। ਆਮ ਆਦਮੀ ਪਾਰਟੀ ਦੇ ਦਾਅਵਾ ਕੀਤਾ ਸੀ ਕਿ 48 ਘੰਟਿਆਂ ਵਿਚ ਹੀ ਲਗਭਗ 11.5 ਲੱਖ ਤੋਂ ਵੱਧ ਲੋਕਾਂ ਨੇ ਇਸ ਨੰਬਰ ‘ਤੇ ਆਪਣੀ ਪ੍ਰਤੀਕਿਰਿਆ ਦਰਜ ਕਰਵਾਈ ਹੈ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਚੀਮਾ ਨੇ ਕਿਹਾ ਸੀ ਕਿ ਪਾਰਟੀ ਵਲੋਂ ਜਾਰੀ ਨੰਬਰ ‘ਤੇ 24 ਘੰਟਿਆਂ ਦਰਮਿਆਨ 3 ਲੱਖ ਤੋਂ ਵੱਧ ਵਟਸਐਪ ਮੈਸੇਜ, 4 ਲੱਖ ਤੋਂ ਵੱਧ ਫੋਨ, 1 ਲੱਖ ਤੋਂ ਜ਼ਿਆਦਾ ਵੁਆਇਸ ਮੈਸੇਜ ਆਏ ਹਨ। ਪਾਰਟੀ ਨੇ ਆਖਿਆ ਸੀ ਕਿ ਪੂਰਾ ਡਾਟਾ ਇਕੱਠਾ ਹੋਣ ਤੋਂ ਬਾਅਦ ਹੀ ਪਾਰਟੀ ਮੁੱਖ ਮੰਤਰੀ ਦੇ ਨਾਂ ‘ਤੇ ਫ਼ੈਸਲਾ ਕਰੇਗੀ।

ਮੁੱਖ ਮੰਤਰੀ ਚਿਹਰੇ ਲਈ ਭਗਵੰਤ ਮਾਨ ਸਭ ਤੋਂ ਮਜ਼ਬੂਤ ਦਾਅਵੇਦਾਰ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰੇ ਲਈ ਸਭ ਤੋਂ ਮਜ਼ਬੂਤ ਦਾਅਰੇਦਾਰ ਮੰਨਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਸ ਬਾਬਤ ਫ਼ੈਸਲਾ ਵੀ ਕਰ ਲਿਆ ਗਿਆ ਹੈ ਜਦਕਿ ਭਲਕੇ ਸਿਰਫ ਰਸਮੀ ਐਲਾਨ ਹੀ ਕੀਤਾ ਜਾਵੇਗਾ।

ਸੂਤਰਾਂ ਮੁਤਾਬਕਾ ਲੋਕਾਂ ਵਲੋਂ ਜ਼ਿਆਦਾ ਵੋਟ (ਫੋਨ ‘ਤੇ ਪ੍ਰਤੀਕਿਰਿਆ) ਵੀ ਭਗਵੰਤ ਮਾਨ ਦੇ ਹੱਕ ਵਿਚ ਕੀਤੀ ਗਈ ਹੈ। ਉਂਝ ਭਗਵੰਤ ਮਾਨ ਵੀ ਆਖ ਚੁੱਕੇ ਹਨ ਕਿ ਆਖਰੀ ਫ਼ੈਸਲਾ ਜਨਤਾ ਦੀ ਰਾਏ ਦੇ ਮੁਤਾਬਕ ਹੀ ਲਿਆ ਜਾਵੇਗਾ। ਕੁੱਝ ਦਿਨ ਪਹਿਲਾਂ ਭਗਵੰਤ ਮਾਨ ਇਹ ਵੀ ਸਾਫ ਕੀਤਾ ਸੀ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਚਿਹਰੇ ਨਾਲ ਹੀ ਚੋਣ ਮੈਦਾਨ ਵਿਚ ਉਤਰੇਗੀ। ਫਿਲਹਾਲ ਹੁਣ ਜਦੋਂ ਆਮ ਆਦਮੀ ਪਾਰਟੀ ਭਲਕੇ ਆਪਣੇ ਪੱਤੇ ਖੋਲ੍ਹਣ ਜਾ ਰਹੀ ਹੈ, ਤਾਂ ਦੇਖਣਾ ਹੋਵੇਗਾ ਕਿ ‘ਆਪ’ ਕਿਸ ਚਿਹਰੇ ‘ਤੇ ਮੁੱਖ ਮੰਤਰੀ ਦਾ ਦਾਅ ਖੇਡਦੀ ਹੈ।