ਭਾਜਪਾ ਗੱਠਜੋੜ ਵਾਲੇ ਅਕਾਲੀ ਦਲ (ਸ) ਨੇ ਇੱਕ ਹੋਰ ਉਮੀਦਵਾਰ ਐਲਾਨਿਆ, ਜਾਣੋ ਕੌਣ?
ਚੰਡੀਗੜ੍ਹ :
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਦੋਆਬਾ ਖੇਤਰ ਦੇ ਹਲਕਾ ਸ਼ਾਮ ਚੁਰਾਸੀ ਤੋਂ ਸਾਬਕਾ ਵਿਧਾਇਕ ਦੇਸਰਾਜ ਸਿੰਘ ਧੁੱਗਾ ਨੂੰ ਆਪਣਾ ਉਮੀਦਵਾਰ ਐਲਾਨ ਕੀਤਾ ਹੈ। ਜਿਸ ਨਾਲ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਹੁਣ ਤੱਕ ਐਲਾਨੇ ਗਏ ਉਮੀਦਵਾਰਾਂ ਦੀ ਕੁੱਲ ਗਿਣਤੀ 13 ਹੋ ਗਈ ਹੈ।
ਪਾਰਟੀ ਦੇ ਦਫ਼ਤਰ ਸਕੱਤਰ ਅਤੇ ਬੁਲਾਰੇ ਮਨਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਸ਼ਨਿਚਰਵਾਰ ਪਾਰਟੀ ਮੁੱਖ ਦਫ਼ਤਰ ਤੋਂ ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਦਸਤਖਤਾਂ ਹੇਠ ਦੇਸਰਾਜ ਸਿੰਘ ਧੁੱਗਾ ਦੇ ਨਾਂਅ ਦਾ ਐਲਾਨ ਕੀਤਾ ਗਿਆ।
ਪੰਜਾਬ ਵਿਸ਼ੇਸ਼ ਤੌਰ `ਤੇ ਦੋਆਬਾ ਖੇਤਰ ਦੇ ਉੱਘੇ ਸਿਆਸਤਦਾਨ ਦੇਸਰਾਜ ਸਿੰਘ ਧੁੱਗਾ ਤਿੰਨ ਵਾਰ ਵਿਧਾਇਕ ਅਤੇ ਪੰਜਾਬ ਸਰਕਾਰ ਵਿੱਚ ਮੁੱਖ ਸੰਸਦੀ ਸਕੱਤਰ ਦੇ ਅਹੁਦੇ `ਤੇ ਰਹੇ ਹਨ। ਦੇਸਰਾਜ ਸਿੰਘ ਧੁੱਗਾ ਸ਼ੁਰੂ ਤੋਂ ਐੱਸ.ਸੀ ਭਾਈਚਾਰੇ ਦੀ ਭਲਾਈ ਲਈ ਕਾਰਜਸ਼ੀਲ ਰਹੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ।
ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਦਸਤਖਤਾਂ ਹੇਠ ਜਾਰੀ ਪਹਿਲੀ ਸੂਚੀ ਵਿੱਚ 12 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਜਿਸ ਵਿੱਚ ਪਾਰਟੀ ਨੇ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਸਮੇਤ ਸਾਬਕਾ ਮੈਂਬਰ ਪਰਲੀਮੈਂਟ ਅਤੇ ਉੱਘੇ ਖਿਡਾਰੀ, ਸਮਾਜ ਸੇਵਕ ਅਤੇ ਕਿਸਾਨੀ ਅੰਦੋਲਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲਿਆਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।