ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਹਾਈਕੋਰਟ ਤੋਂ ਮਿਲੀ ਪੈਰੋਲ
ਮਾਲਵਾ ਬਿਊਰੋ, ਚੰਡੀਗੜ੍ਹ
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪੈਰੋਲ ਮਿਲ ਗਈ ਹੈ।
ਜਾਣਕਾਰੀ ਲਈ ਦੱਸ ਦਈਏ ਕਿ, ਭਾਈ ਰਾਜੋਆਣਾ ਦੇ ਪਿਤਾ ਜਸਵੰਤ ਸਿੰਘ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਰਾਜੋਆਣਾ ਦੀ ਭੈਣ ਵਲੋਂ ਅਦਾਲਤ ਵਿਚ ਰਹਿਮ ਅਪੀਲ ਲਾਉਂਦੇ ਹੋਏ, ਪਿਤਾ ਦੇ ਭੋਗ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਪੈਰੋਲ ਦੀ ਮੰਗ ਕੀਤੀ ਸੀ।
ਹਾਈਕੋਰਟ ਵਲੋਂ ਇਸ ਅਪੀਲ ਤੇ ਸੁਣਵਾਈ ਕਰਦਿਆਂ ਹੋਇਆਂ ਭਾਈ ਰਾਜੋਆਣਾ ਨੂੰ ਆਪਣੇ ਪਿਤਾ ਦੇ ਭੋਗ ਅਤੇ ਅੰਤਿਮ ਅਦਰਾਸ ਵਿੱਚ 31 ਜਨਵਰੀ 2022 ਨੂੰ ਲੁਧਿਆਣਾ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੰਦਿਆਂ ਹੋਇਆ ਇੱਕ ਦਿਨ ਦੀ ਪੈਰੋਲ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਆਪਣੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ ਅਤੇ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।
ਪੜ੍ਹੋ ਪੂਰੀ ਪੋਸਟ
ਸਤਿਕਾਰਯੋਗ ਖਾਲਸਾ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਅਸੀਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ। ਖਾਲਸਾ ਜੀ, ਅਸੀਂ ਤੁਹਾਨੂੰ ਬਹੁਤ ਹੀ ਭਰੇ ਮਨ ਨਾਲ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਡੈਡੀ ਜੀ ਸ.ਜਸਵੰਤ ਸਿੰਘ ਜੀ ਅਕਾਲ-ਪੁਰਖ ਵੱਲੋਂ ਬਖ਼ਸੇ ਹੋਏ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਹੋਏ 22 ਜਨਵਰੀ 2022 ਨੂੰ ਉਸ ਅਕਾਲ-ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸਾਂਤੀ ਲਈ ਰੱਖੇ ਗਏ ਸਹਿਜ ਪਾਠ ਜੀ ਦੇ ਭੋਗ ਅਤੇ ਅੰਤਿਮ ਅਰਦਾਸ 31 ਜਨਵਰੀ 2022 ,ਸੋਮਵਾਰ 12:00 ਤੋਂ 2:00 ਤੱਕ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ, ਗੁਰੂ ਅੰਗਦ ਦੇਵ ਨਗਰ, ਫਲਾਵਰ ਇਨਕਲੇਵ, ਦੁੱਗਰੀ ਬਾਈਪਾਸ ਰੋਡ ਲੁਧਿਆਣਾ ਵਿਖੇ ਹੋਵੇਗੀ।
ਅਸੀਂ ਖਾਲਸਾ ਪੰਥ ਨਾਲ ਇਹ ਜਾਣਕਾਰੀ ਸਾਂਝਾ ਕਰਨੀ ਚਾਹੁੰਦੇ ਹਾਂ ਕਿ ਹਾਈਕੋਰਟ ਵੱਲੋਂ ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਨੂੰ ਡੈਡੀ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਦੇ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸ.ਵਿਰਸਾ ਸਿੰਘ ਵਲਟੋਹਾ ਜੀ, ਸ਼੍ਰੋਮਣੀ ਅਕਾਲੀ ਦਲ ਦੀ ਲੀਗਲ ਟੀਮ ਐਡਵੋਕੇਟ ਸ.ਅਰਸ਼ਦੀਪ ਸਿੰਘ ਕਲੇਰ ਜੀ, ਐਡਵੋਕੇਟ ਸ਼੍ਰੀ ਵਿਵੇਕ ਠਾਕੁਰ ਜੀ, ਅਤੇ ਚੰਡੀਗੜ੍ਹ ਦੀ ਉਨ੍ਹਾਂ ਦੀ ਲੀਗਲ ਟੀਮ ਵੱਲੋਂ ਦਿੱਤੇ ਗਏ ਸਹਿਯੋਗ ਲਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਭਾਈ ਹਰਜਿੰਦਰ ਸਿੰਘ ਧਾਮੀ ਜੀ,ਅਤੇ ਉਨ੍ਹਾਂ ਦੀ ਚੰਡੀਗੜ੍ਹ ਲੀਗਲ ਟੀਮ ਦੇ ਇੰਚਾਰਜ ਐਡਵੋਕੇਟ ਭਾਈ ਲਖਵੀਰ ਸਿੰਘ ਜੀ ਅਤੇ ਉਨ੍ਹਾਂ ਦੀ ਟੀਮ ਜਿਨ੍ਹਾਂ ਨੇ ਸਾਡੀ ਇਸ ਦੁੱਖ ਦੇ ਸਮੇਂ ਵਿੱਚ ਇਸ ਕੇਸ ਦੀ ਪੈਰਵੀ ਲਈ ਲੋੜੀਂਦੇ ਕਾਨੂੰਨੀ ਕਾਗਜ ਸਾਡੇ ਘਰੋਂ ਲੈ ਕੇ ਅਤੇ ਪਟਿਆਲਾ ਜੇਲ੍ਹ ਤੋਂ ਲੈ ਕੇ ਚੰਡੀਗੜ੍ਹ ਵਿਖੇ ਵਕੀਲਾਂ ਕੋਲ ਪਹੁੰਚਦੇ ਕੀਤੇ। ਅਸੀਂ ਸਾਰਿਆਂ ਦਾ ਇਸ ਵਡਮੁੱਲੇ ਸਹਿਯੋਗ ਲਈ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।
ਇੱਥੇ ਹੀ ਅਸੀਂ ਆਪਣੀ ਨਗਰ ਪੰਚਾਇਤ ਫਲਾਵਰ ਇਨਕਲੇਵ ਦੇ ਸਰਪੰਚ ਸਾਹਿਬ ਅਤੇ ਸਮੂਹ ਮੈਂਬਰ ਪੰਚਾਇਤ ਦਾ ਵੀ ਸਾਨੂੰ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਨ੍ਹਾਂ ਸਾਰਿਆਂ ਦੇ ਸਹਿਯੋਗ ਸਦਕਾ ਅਤੇ ਸਾਰਿਆਂ ਦੀਆਂ ਕੋਸ਼ਿਸ਼ਾਂ ਸਦਕਾ 26 ਸਾਲਾਂ ਬਾਅਦ ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਆਪਣੇ ਡੈਡੀ ਜੀ ਸ.ਜਸਵੰਤ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਘਰ ਆ ਰਹੇ ਹਨ।