ਵੱਡੀ ਖਬਰ: ਚੋਣ ਡਿਊਟੀ ਦੌਰਾਨ ਗ਼ੈਰਹਾਜ਼ਰ ਰਹਿਣ ਵਾਲੇ ਸਰਕਾਰੀ ਮੁਲਾਜ਼ਮਾਂ ਵਿਰੁੱਧ FIR ਦਰਜ ਕਰਨ ਦੇ ਹੁਕਮ
ਮਾਲਵਾ ਬਿਊਰੋ, ਚੰਡੀਗੜ੍ਹ:

ਡਿਪਟੀ ਕਮਿਸ਼ਨਰ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਪਹਿਲੀ ਰਿਹਰਸਲ ’ਚ ਗ਼ੈਰਹਾਜ਼ਰ ਰਹੇ ਤੇ ਕਾਰਨ ਦੱਸੋ ਨੋਟਿਸ ਦਾ ਜਵਾਬ ਨ੍ਹਾ ਦੇਣ ਵਾਲੇ ਚੋਣ ਡਿਊਟੀ ’ਤੇ ਲਗਾਏ 71 ਮੁਲਾਜ਼ਮਾਂ ਵਿਰੁੱਧ ਐੱਫਆਈਆਰ ਦਰਜ ਕਰਵਾਉਣ ਲਈ ਉਨ੍ਹਾਂ ਦੇ ਵਿਭਾਗ ਮੁਖੀਆਂ ਨੂੰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਵਿਧਾਨ ਸਭਾ ਚੋਣਾਂ ਨੂੰ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ, ਜਿਸ ਵਿਚ ਪੋਲਿੰਗ ਤੇ ਕਾਊਂਟਿੰਗ ਸਟਾਫ ਦੀ ਅਹਿਮ ਭੂਮਿਕਾ ਹੈ। ਇਸ ਲਈ ਚੋਣ ਡਿਊਟੀ ਵਿਚ ਲੱਗਾ ਸਟਾਫ ਜ਼ਿੰਮੇਵਾਰੀ ਅਤੇ ਸੰਜੀਦਗੀ ਨਾਲ ਆਪਣੀ ਡਿਊਟੀ ਨਿਭਾਏ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਚੋਣ ਡਿਊਟੀ ਨੂੰ ਗੰਭੀਰਤਾ ਨਾਲ ਨਾ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਭਵਿੱਖ ’ਚ ਵੀ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਚੋਣਾਂ ਨਾਲ ਜੁੜੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਚੋਣ ਡਿਊਟੀ ਸਭ ਤੋਂ ਅਹਿਮ ਡਿਊਟੀਆਂ ’ਚੋਂ ਇਕ ਹੈ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕੋਵਿਡ-19 ਦੀ ਟੈਸਟਿੰਗ ਰਿਪੋਰਟ ਸਿਰਫ਼ ਸਰਕਾਰੀ ਸਿਹਤ ਕੇਂਦਰਾਂ/ਲੈਬਾਂ ਤੋਂ ਹੀ ਯੋਗ ਮੰਨੀ ਜਾਵੇਗੀ। ਇਸ ਲਈ ਜਿਸ ਅਧਿਕਾਰੀ ਤੇ ਕਰਮਚਾਰੀ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਉਂਦੀ ਹੈ, ਉਸ ਨੂੰ ਸਰਕਾਰੀ ਸਿਹਤ ਕੇਂਦਰਾਂ ਦੀ ਰਿਪੋਰਟ ਸਬੰਧਤ ਅਧਿਕਾਰੀ ਨੂੰ ਸੌਂਪਣੀ ਚਾਹੀਦੀ ਹੈ। ਜੇਕਰ ਰਿਪੋਰਟ ਜਾਅਲੀ ਪਾਈ ਗਈ ਤਾਂ ਸਬੰਧਤ ਲੈਬ ਦਾ ਲਾਇਸੈਂਸ ਰੱਦ ਕਰ ਕੇ ਲੈਬ ਤੇ ਫਰਜ਼ੀ ਰਿਪੋਰਟ ਪਾਉਣ ਵਾਲੇ ਮੁਲਾਜ਼ਮ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਲੈਬ ਦੀ ਟੈਸਟਿੰਗ ਰਿਪੋਰਟ ਨੂੰ ਜਾਇਜ਼ ਨਹੀਂ ਮੰਨਿਆ ਜਾਵੇਗਾ।