ਪੈਟਰੋਲ ਡੀਜ਼ਲ ਦੀਆਂ 15-20 ਰੁਪਏ ਵੱਧ ਸਕਦੀਆਂ ਨੇ ਕੀਮਤਾਂ, ਪੜ੍ਹੋ ਪੂਰੀ ਖ਼ਬਰ
ਚੰਡੀਗੜ੍ਹ–
ਵਿਸ਼ਵ ਤੀਜੀ ਜੰਗ ਕਹਿ ਸਕਦੇ ਹਾਂ, ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਖ਼ਤਰਨਾਕ ਯੁੱਧ ਨੂੰ। ਇਸ ਜੰਗ ਦੇ ਦੌਰਾਨ ਜਿਥੇ ਕੀਮਤੀ ਜਾਨਾਂ ਚਲੀਆਂ ਗਈਆਂ ਹਨ, ਉਥੇ ਹੀ ਦੁਨੀਆ ਭਰ ਵਿਚ ਇਸ ਜੰਗ ਦਾ ਬੇਹੱਦ ਬੁਰਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ। ਜੰਗ ਦੇ ਕਰੀਬ 2 ਹਫਤਿਆਂ ਵਿੱਚ ਹੀ ਮਹਿੰਗਾਈ ਦਰ ਬਹੁਤ ਜਿਆਦਾ ਵੱਧ ਚੁਕੀ ਹੈ।
ਖਬਰਾਂ ਇਸ ਵੇਲੇ, ਤੇਲ ਦੀਆਂ ਕੀਮਤਾਂ ਦੇ ਨਾਲ ਜੁੜੀਆਂ ਹੋਈਆਂ ਸਾਹਮਣੇ ਆ ਰਹੀਆਂ ਹਨ। ਰੂਸ-ਯੂਕਰੇਨ ਜੰਗ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਨਵਾਂ ਰਿਕਾਰਡ ਬਣਾ ਰਹੀਆਂ ਹਨ।
ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧਾ ਜਾਰੀ ਹੈ। ਰੂਸ ‘ਤੇ ਯੂਕਰੇਨ ਦੇ ਹਮਲੇ ਤੋਂ ਬਾਅਦ 2014 ਤੋਂ ਬਾਅਦ ਪਹਿਲੀ ਵਾਰ ਕੱਚੇ ਤੇਲ ਨੇ 100 ਡਾਲਰ ਪ੍ਰਤੀ ਬੈਰਲ ਦਾ ਅੰਕੜਾ ਪਾਰ ਕੀਤਾ ਹੈ। ਕੱਚੇ ਤੇਲ ਦੇ 95 ਤੋਂ 125 ਡਾਲਰ ਪ੍ਰਤੀ ਬੈਰਲ ਦੇ ਦਾਇਰੇ ‘ਚ ਰਹਿਣ ਦੀ ਉਮੀਦ ਹੈ।
ਨਿਊਜ਼ ਏਜੰਸੀ ਆਈਏਐਨਐਸ ਦੀ ਰਿਪੋਰਟ ਮੁਤਾਬਕ ਇਸ ਸੰਕਟ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਘਰੇਲੂ ਬਾਜ਼ਾਰ ਦੀਆਂ ਕੀਮਤਾਂ ਵਿੱਚ 15 ਤੋਂ 22 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਣ ਦੀ ਸੰਭਾਵਨਾ ਹੈ।
ਮੰਨਿਆ ਜਾ ਰਿਹਾ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਅਗਲੇ ਹਫਤੇ ਤੋਂ ਕੀਮਤਾਂ ਵਧਾ ਸਕਦੀਆਂ ਹਨ। ਦੱਸਣਾ ਬਣਦਾ ਹੈ ਕਿ, ਅੱਜ ਯਾਨੀਕਿ 7 ਮਾਰਚ ਨੂੰ UP ਵਿਧਾਨ ਸਭਾ ਚੋਣਾਂ ਦਾ ਆਖਰੀ ਗੇੜ ਹੈ ਅਤੇ ਇਸ ਤੋਂ ਬਾਅਦ 10 ਮਾਰਚ ਨੂੰ ਨਤੀਜੇ ਆਉਣਗੇ। ਸੂਤਰ ਦਸਦੇ ਹਨ, ਨਤੀਜਿਆਂ ਦੇ ਆਉਣ ਤੋਂ ਤੁਰੰਤ ਬਾਅਦ ਸਰਕਾਰ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰ ਸਕਦੀ ਹੈ।