ਪੰਜਾਬ ਬੰਦ ਦਾ ਸੱਦਾ ਦੇਵੇਗੀ ਸਕੂਲ ਫੈਡਰੇਸ਼ਨ
ਅਸਲ ਦੋਸ਼ੀ ਗ੍ਰਿਫਤਾਰ ਕਰਕੇ ਚੇਅਰਮੈਨ ਗਿੱਲ ਨੂੰ ਰਿਹਾਅ ਕਰਨ ਦੀ ਮੰਗ
ਭਵਾਨੀਗੜ (ਗੁਰਵਿੰਦਰ ਸਿੰਘ) ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਦੀ ਕੋਰ ਕਮੇਟੀ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਸ਼ਨਜ਼, ਗੁਰਦਾਸਪੁਰ ਵਿੱਚ ਪੜ੍ਹਦੀ ਬੱਚੀ ਨਾਲ ਹੋਈ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਫੈਡਰੇਸ਼ਨ ਸੰਘਰਸ਼ ਕਰੇਗੀ। ਜਿਸ ਦੀ ਜਾਣਕਾਰੀ ਅੱਜ ਅਨਿਲ ਮਿੱਤਲ ਚੇਅਰਮੈਨ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ ਨੇ ਦਿੱਤੀ ।ਜ਼ਿਕਰਯੋਗ ਹੈ ਕਿ ਗੁਰਦਾਸਪੁਰ ਵਿਖੇ ਚਾਰ ਸਾਲ ਦੀ ਬੱਚੀ ਨਾਲ ਦੁਸ਼ਕਰਮ ਦੀ ਘਟਨਾ ਸਾਹਮਣੇ ਆਈ ਸੀ ਜਿਸ ਤਹਿਤ ਸੰਸਥਾ ਦੇ ਚੇਅਰਮੈਨ ਰਸ਼ਵਿੰਦਰ ਸਿੰਘ ਗਿੱਲ ਅਤੇ ਉਹਨਾਂ ਦੇ ਪੁੱਤਰ ਨੂੰ ਸੰਗੀਨ ਧਾਰਾਵਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਗੁਰਦਾਸਪੁਰ ਪਹੁੰਚੇ ਸਨ ਜਿੱਥੇ ਸੰਸਥਾ ਦੇ ਪ੍ਰਿੰਸੀਪਲ ਨੇ ਸੀ.ਸੀ.ਟੀ.ਵੀ. ਫੁੱਟੇਜ ਦਿਖਾਈ ਜਿਸ ਵਿੱਚ ਛੋਟੀ ਬੱਚੀ ਸਕੂਲ ਵਿੱਚੋਂ ਸਹੀ ਸਲਾਮਤ ਵਾਪਸ ਆਪਣੇ ਮਾਪਿਆਂ ਨਾਲ ਜਾ ਰਹੀ ਸੀ। ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਫੁੱਟੇਜ ਵਿੱਚ ਉਹ ਵਿਦਿਆਰਥਣ ਆਪਣੇ ਮੁਹੱਲੇ ਵਿੱਚ ਖੇਡਦੀ ਨਜ਼ਰ ਆ ਰਹੀ ਹੈ। ਸਾਰਾ ਸ਼ਹਿਰ ਅਤੇ ਖੁਦ ਪੁਲਿਸ ਜਾਣਦੇ ਹਨ ਕਿ ਸੰਸਥਾ ਦੇ ਪ੍ਰਬੰਧਕ ਨਿਰਦੋਸ਼ ਹਨ ਪਰੰਤੂ ਉਹਨਾਂ ਨੂੰ ਲੋਕਾਂ ਵੱਲੋਂ ਲਗਾਏ ਗਏ ਹਾਈਵੇ ਉੱਪਰ ਜਾਮ ਨੂੰ ਖੁਲਵਾਉਣ ਲਈ ਬਿਨਾਂ ਕਿਸੇ ਕਸੂਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਫੈਡਰੇਸ਼ਨ ਦੀ ਕੋਰ ਕਮੇਟੀ ਨੇ ਫੈਸਲਾ ਕੀਤਾ ਕਿ ਉਹ ਬੱਚੀ ਨੂੰ ਇਨਸਾਫ ਦਿਵਾਉਣ ਲਈ ਅਤੇ ਅਸਲ ਦੋਸ਼ੀਆਂ ਨੂੰ ਫੜਾਉਣ ਲਈ ਸੰਘਰਸ਼ ਕਰਨਗੇ। ਜੇਕਰ ਪੁਲਿਸ ਨੇ ਅਸਲ ਦੋਸ਼ੀ ਗ੍ਰਿਫਤਾਰ ਕਰਕੇ ਚੇਅਰਮੈਨ ਗਿੱਲ ਨੂੰ ਰਿਹਾਅ ਨਾ ਕੀਤਾ ਤਾਂ 11 ਅਪ੍ਰੈਲ ਨੂੰ ਪੰਜਾਬ ਦੇ ਸਮੂਹ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਪੰਜਾਬ ਬੰਦ ਕਰਨਗੀਆਂ। ਜੇਕਰ ਲੋੜ ਪਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਡਾ. ਧੂਰੀ ਨੇ ਦੱਸਿਆ ਕਿ ਇਹ ਬੰਦ ਪੰਜਾਬ ਦੇ ਕਾਲਜਾਂ ਦੀ ਜੱਥੇਬੰਦੀ ਜੈਕ ਅਤੇ ਸਕੂਲਾਂ ਦੀਆਂ ਸਾਰੀਆਂ ਐਸੋਸੀਏਸ਼ਨਾਂ ਵੱਲੋਂ ਹੋਵੇਗਾ।