ਭਵਾਨੀਗੜ੍ਹ ਕਾਲਜ ਨੂੰ ਸਰਕਾਰੀ ਮਾਨਤਾ ਮਿਲਣ ਨਾਲ ਵਿਦਿਆਰਥੀ ਵਰਗ ਵਿਚ ਖੁਸ਼ੀ ਦੀ ਲਹਿਰ
ਲੰਮੇ ਸਮੇਂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਸੀ ਗੁਰੂ ਤੇਗ ਬਹਾਦਰ ਕਾਲਜ  
ਭਵਾਨੀਗੜ੍ਹ,(ਗੁਰਵਿੰਦਰ ਸਿੰਘ ) ਭਵਾਨੀਗੜ ਇਲਾਕੇ ਦੀ ਸਭ ਤੋਂ ਪੁਰਾਣੀ ਅਤੇ ਮੋਹਰੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਨੂੰ ਸਰਕਾਰ ਵੱਲੋਂ ਸਰਕਾਰੀ ਤੌਰ ਤੇ ਮਾਨਤਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਕਾਲਜ ਨੂੰ ਸਰਕਾਰੀ ਸਹੂਲਤਾਂ ਮਿਲਣ ਕਾਰਨ ਭਵਾਨੀਗਡ਼੍ਹ ਇਲਾਕੇ ਦੇ ਲੋਕਾਂ ਅਤੇ ਵਿਦਿਆਰਥੀਆਂ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। 40 ਕੁ ਸਾਲ ਪਹਿਲਾਂ ਪਿੰਡ ਸਕਰੌਦੀ ਦੇ ਜੰਮਪਲ ਮਹਿਮਾ ਸਿੰਘ ਗਰੇਵਾਲ ਵੱਲੋਂ  ਇਸ ਕਾਲਜ ਨੂੰ ਗੁਰਦੁਆਰਾ ਸਾਹਿਬ ਦੀ  ਇਮਾਰਤ ਵਿੱਚ ਸ਼ੁਰੂ ਕੀਤਾ ਗਿਆ ਅਤੇ ਉਨੀ ਸੌ ਇਕੱਨਵੇ ਵਿਚ ਆਪਣੇ ਵੱਲੋਂ ਜ਼ਮੀਨ ਖ਼ਰੀਦ ਕੇ ਇਹ ਕਾਲਜ ਬਣਾਇਆ ਗਿਆ ਸੀ। ਵਧੇਰੇ ਕਾਲਜ ਖੁੱਲ੍ਹਣ ਅਤੇ ਵਿਦਿਆਰਥੀਆਂ ਵੱਲੋਂ ਬਾਹਰ ਜਾਣ ਦੇ ਦੌਰ ਨੇ ਇਸ ਕਾਲਜ ਦਾ ਭਵਿੱਖ ਧੁੰਦਲਾ ਕਰਕੇ ਰੱਖ ਦਿੱਤਾ। ਬੱਚੇ ਬਹੁਤ ਘੱਟ ਹੋਣ ਕਾਰਨ  ਅਤੇ ਸਰਕਾਰੀ ਸਹੂਲਤਾਂ ਨਾ ਮਿਲਣ ਕਾਰਨ ਕਾਲਜ ਦੀ ਹਾਲਤ ਬਹੁਤ ਖਸਤਾ ਹੋ ਗਈ। ਹੁਣ ਪੰਜਾਬ ਸਰਕਾਰ ਵੱਲੋਂ ਇਸ ਨੂੰ ਸਰਕਾਰੀ ਮਾਨਤਾ ਦੇਣ ਨਾਲ ਇਸ ਦੇ ਦੁਬਾਰਾ ਪਹਿਲਾਂ ਵਾਲੇ ਦਿਨ ਆਉਣ ਦੀ ਉਮੀਦ ਪੈਦਾ ਹੋ ਗਈ ਹੈ  



ਭਵਾਨੀਗੜ੍ਹ ਇਲਾਕੇ ਦੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲਜ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਭੈਣ ਨਰਿੰਦਰ ਕੌਰ ਭਰਾਜ ਮਾਨਯੋਗ ਐਮ. ਐਲ. ਏ. ਹਲਕਾ ਸੰਗਰੂਰ ਨੂੰ ਕਾਲਜ ਸਰਕਾਰੀ ਕਰਨ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਇਸ ਅਵਾਜ ਨੂੰ ਸਰਕਾਰ ਤੱਕ ਪਹੁੰਚਾਇਆ ਅਤੇ ਮਾਨਯੋਗ ਉਚੇਰੀ ਸਿੱਖਿਆ ਮੰਤਰੀ ਸ੍ਰ. ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਸਬੰਧੀ ਚੱਲ ਰਹੀ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ, ਸਮੂਹ ਸਟਾਫ, ਵਿਦਿਆਰਥੀਆਂ ਅਤੇ ਮਾਪੇ ਮਾਨਯੋਗ ਐਮ. ਐਲ. ਏ. ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਅਤੇ ਹਮੇਸ਼ਾਂ ਆਪ ਜੀ ਦੇ ਇਸ ਉੱਦਮ ਦੇ ਰਿਣੀ ਰਹਿਣਗੇ।