ਸਿੱਖਿਆ ਮੰਤਰੀ ਨਾਲ ਆਦਰਸ਼ ਸਕੂਲ ਅਧਿਆਪਕ ਯੂਨੀਅਨ ਦੀ ਹੋਈ ਮੀਟਿੰਗ
ਸੀਮਿਤ ਸਮੇਂ ਦੇ ਅੰਦਰ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਸਕੂਲਾਂ ਨੂੰ ਵਿਭਾਗ ਅਧੀਨ ਕਰਨ ਦੀ ਵਚਨਬੱਧਤਾ ਪ੍ਰਗਟਾਈ
ਚੰਡੀਗੜ੍ਹ (ਮਾਲਵਾ ਬਿਊਰੋ) ਆਦਰਸ਼ ਸਕੂਲ ਅਧਿਆਪਕ ਯੂਨੀਅਨ ਪੰਜਾਬ(ਪੀਪੀਪੀ ਤਰਜ਼)ਦੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਈ। ਇਸ ਮੀਟਿੰਗ ਵਿਚ ਜਥੇਬੰਦੀ ਨੇ ਆਪਣੀਆਂ ਭਖਦੀਆਂ ਪ੍ਰਮੁੱਖ ਮੰਗਾਂ ਤਰਕ-ਸੰਗਤ ਤਰੀਕੇ ਨਾਲ ਪੇਸ਼ ਕੀਤੀਆਂ। ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਸੂਬਾ ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਸੂਬਾ ਕਮੇਟੀ ਮੈਂਬਰ ਸੁਖਦੀਪ ਕੌਰ ਸਰਾਂ ਨੇ ਮੀਡੀਆ ਨੂੰ ਦੱਸਿਆ ਹੈ ਕਿ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਆਦਰਸ਼ ਸਕੂਲਾਂ ਦੇ ਅਧਿਆਪਕਾਂ ਅਤੇ ਦਰਜਾ’ ਚਾਰ ਮੁਲਾਜ਼ਮਾਂ ਦੀਆਂ ਨੌਕਰੀਆਂ ਸਰਕਾਰ ਬਹੁਤ ਛੇਤੀ ਪੱਕੀਆਂ ਕਰਨ ਜਾ ਰਹੀ ਹੈ ਅਤੇ ਸਰਕਾਰ ਆਦਰਸ਼ ਸਕੂਲਾਂ ਨੂੰ ਆਪਣੇ ਅਧੀਨ ਲੈ ਕੇ ਇੱਕ ਮਿਸਾਲੀ ਸਕੂਲਾਂ ਦੇ ਤੌਰ ਤੇ ਸਥਾਪਤ ਕਰਨ ਦਾ ਕੰਮ ਬਹੁਤ ਹੀ ਛੇਤੀ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਦਰਸ਼ ਸਕੂਲਾਂ ਦਾ ਮਸਲਾ ਸਾਡੇ ਲਈ ਬਹੁਤ ਗੰਭੀਰ ਬਣਿਆ ਹੋਇਆ ਹੈ। ਜਿਸ ਨੂੰ ਸਰਕਾਰ ਸੀਮਿਤ ਜਿਹੇ ਸਮੇਂ ਵਿੱਚ ਹੱਲ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਦਰਸ਼ ਸਕੂਲਾਂ ਦੇ ਤਜ਼ਰਬੇ ਨੂੰ ਮਾਨਤਾ ਦੇ ਕੇ 2019 ਵਿੱਚ ਹੋਈ ਹੈੱਡ ਟੀਚਰ/ਸੈਂਟਰ ਹੈੱਡ ਟੀਚਰ ਦੀ ਸਿੱਧੀ ਭਰਤੀ ਵਿਚ ਮੈਰਿਟ ਲਿਸਟ ਵਿੱਚ ਆਏ ਤੇ ਸਕਰੂਟਨੀ ਕਰਵਾ ਚੁੱਕੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਛੇਤੀ ਹੀ ਜਾਰੀ ਕੀਤੇ ਜਾਣਗੇ,ਨੌਕਰੀਓ ਕੱਢੇ ਅਧਿਆਪਕਾਂ ਨੂੰ ਵੀ ਬਹਾਲ ਕੀਤਾ ਜਾਵੇਗਾ।ਸਮੇਤ ਤਮਾਮ ਮੰਗਾਂ ਨੂੰ ਸਿੱਖਿਆ ਮੰਤਰੀ ਨੇ ਸੀਮਿਤ ਸਮੇਂ ਦੇ ਅੰਦਰ ਪੂਰੀਆਂ ਕਰਨ ਦੀ ਪੂਰਨ ਵਚਨਬੱਧਤਾ ਪ੍ਰਗਟਾਈ ਹੈ। , ਅਧਿਆਪਕ ਆਗੂ ਗੁਰਦੀਪ ਸਿੰਘ ਕਾਲੇਕੇ ਅਤੇ ਦਰਜਾ ਚਾਰ ਮੁਲਾਜ਼ਮ ਆਗੂ ਗੁਰਚਰਨ ਸਿੰਘ ਨੇ ਸਰਕਾਰ ਨੂੰ ਲਹਿਜੇ ਭਰੀ ਚਿਤਾਵਨੀ ਵਿੱਚ ਕਿਹਾ ਹੈ ਕਿ ਜੇਕਰ ਮੰਗਾਂ ਨਿਸ਼ਚਿਤ ਸਮੇਂ ਵਿੱਚ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਜਥੇਬੰਦੀ ਆਪਣੇ ਵਿੱਢੇ ਸੰਘਰਸ਼ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਰ ਵਿਰਾਟ ਰੂਪ ਦੇਵੇਗੀ। ਉਹਨਾਂ ਕਿਹਾ ਕਿ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਬਹੁਤ ਹੀ ਹੱਕੀ ਤੇ ਜਾਇਜ਼ ਹਨ ਜਿਹੜੀਆਂ ਕਿ ਸਰਕਾਰ ਤੇ ਵਿਭਾਗ ਨੂੰ ਤੁਰੰਤ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਤੋ ਇਲਾਵਾ ਮੈਡਮ ਪਰਮਜੀਤ ਕੌਰ ਵੀ ਹਾਜ਼ਰ ਸਨ।