ਹੈਰੀਟੇਜ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਖੇਡਾਂ ਚ ਮਾਰੀ ਬਾਜੀ
ਮਨੁੱਖੀ ਵਿਕਾਸ ਲਈ ਪੜਾਈ ਦੇ ਨਾਲ ਖੇਡਾਂ ਵੀ ਜਰੂਰੀ : ਮੀਨੂੰ ਸੂਦ
ਭਵਾਨੀਗੜ (ਗੁਰਵਿੰਦਰ ਸਿੰਘ ) ਖੇਡਾਂ ਅਤੇ ਵਿਦਿਆਰਥੀ ਜੀਵਨ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਜਿਵੇਂ ਕਿਸੇ ਸਾਜ਼ ’ਤੇ ਕੋਈ ਨਗ਼ਮਾ ਗੂੰਜਦਾ ਹੋਵੇ। ਖੇਡਾਂ ਜ਼ਿੰਦਗੀ ਦੇ ਸਾਜ਼ ’ਤੇ ਗਾਇਆ ਜਾਣ ਵਾਲਾ ਇੱਕ ਅਜਿਹਾ ਖ਼ੂਬਸੂਰਤ ਨਗ਼ਮਾ ਹੈ ,ਜਿਸ ਨਾਲ ਮਨੁੱਖੀ ਮਨ ਨੂੰ ਅਨੰਦਿਤ ਕਰਨ ਵਾਲਾ ਰਸ ਉਪਜਦਾ ਹੈ ।ਵਿਦਿਆਰਥੀ ਜੀਵਨ ਵਿੱਚ ਤਾਂ ਇਨ੍ਹਾਂ ਦੀ ਬਹੁਤ ਹੀ ਮਹੱਤਤਾ ਹੈ, ਇਸ ਗੱਲ ਨੂੰ ਮੁੱਖ ਰੱਖਦੇ ਹੋਏ, ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵਿਸੇਸ਼ ਰੁਚੀ ਦਿਖਾਉਂਦੇ ਹੋਏ ਵੱਡੀਆਂ ਮੱਲਾਂ ਮਾਰੀਆਂ ਹਨ। ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਟੇਬਲ ਟੈਨਿਸ ਖੇਡ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ,ਜਿਨ੍ਹਾਂ ਵਿੱਚੋਂ ਗੁਨਤਾਸ਼( ਅੰਡਰ 14 ਲੜਕੀ), ਪਰਨੀਤ ਕੌਰ (ਅੰਡਰ 17 ਲੜਕੀ), ਗੁਰਪ੍ਰੀਤ ਕੌਰ(ਅੰਡਰ 19 ਲੜਕੀ), ਮਨਮੀਤ ਸਿੰਘ (ਅੰਡਰ 19 ਲੜਕਾ) ਵਿਦਿਆਰਥੀਆਂ ਨੇ ਸਟੇਟ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਆਪਣਾ ਸਥਾਨ ਬਣਾਉਂਦੇ ਹੋਏ ਆਪਣੇ ਸਕੂਲ ਅਤੇ ਮਾਪਿਆ ਦਾ ਨਾਮ ਰੋਸ਼ਨ ਕੀਤਾ ਹੈ।ਬੱਚਿਆਂ ਦੀ ਇਸ ਸਫ਼ਲਤਾ ਦਾ ਸਿਹਰਾ ਸਕੂਲ ਦੇ ਟੇਬਲ ਟੈਨਿਸ ਦੇ ਕੋਚ ਮਿਸਟਰ ਇਸ਼ਾਨਦੀਪ ਸ਼ਰਮਾ ਨੂੰ ਜਾਂਦਾ ਹੈ, ਜਿੰਨਾਂ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਪ੍ਰੈਕਟਿਸ ਕਰਵਾਈ ਕਿਉਂਕਿ ਖਿਡਾਰੀਆ ਦੇ ਜੀਵਨ ਵਿਚ ਖੇਡ ਕੋਚ ਦੀ ਭੂਮਿਕਾ ਬੜੀ ਅਹਿਮ ਯੋਗਦਾਨ ਪਾਉਣ ਵਾਲੀ ਮੰਨੀ ਗਈ ਹੈ ਅਤੇ ਕੋਚ ਦੀ ਖੇਡ ਪ੍ਰਤੀ ਰੁਚੀ ਹੀ ਇਕ ਖਿਡਾਰੀ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਜਜ਼ਬਾਤੀ ਪੱਖਾਂ ਦੇ ਵਿਕਾਸ ਦਾ ਸੂਚਕ ਹੈ। ੲਿਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਸ੍ਰੀ ਅਨਿਲ ਮਿੱਤਲ , ਸ੍ਰੀਮਤੀ ਆਸ਼ਿਮਾ ਮਿੱਤਲ ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਮੀਨੂ ਸੂਦ ਨੇ ਵਿਦਿਆਰਥੀ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ ਤੇ ਉੱਚੀਆਂ ਉਡਾਰੀਆਂ ਭਰਨ ਲਈ ਪ੍ਰੇਰਿਤ ਕੀਤਾ ।