'ਭਾਰਤ ਨੂੰ ਜਾਣੋ' ਪ੍ਰਤੀਯੋਗਤਾ' ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਬਾਜੀ ਮਾਰੀ
ਭਵਾਨੀਗੜ੍ਹ11 ਅਕਤੂਬਰ (ਗੁਰਵਿੰਦਰ ਸਿੰਘ)-ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦੇ ਵਿਦਿਆਰਥੀਆਂ ਵਿੱਚ ਭਾਰਤੀ ਕਦਰਾਂ-ਕੀਮਤਾਂ, ਰੀਤੀ-ਰਿਵਾਜਾਂ, ਮਾਨਤਾਵਾਂ ਅਤੇ ਭਾਰਤ ਉੱਪਰ ਮਾਣ ਵਾਲੀ ਭਾਵਨਾ ਪੈਦਾ ਕਰਨ ਲਈ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ 'ਭਾਰਤ ਨੂੰ ਜਾਣੋ' ਪ੍ਰਤੀਯੋਗਤਾ ਕਰਵਾਈ ਗਈ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਮੁਕਾਬਲਾ ਦੋ ਵਰਗਾਂ ਵਿੱਚ ਕਰਵਾਇਆ ਗਿਆ, ਜਿਸ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਲਿਖਤੀ- ਪ੍ਰੀਖਿਆ ਦੇ ਕੇ ਸਫ਼ਲਤਾ ਹਾਸਲ ਕੀਤੀ। ਦੂਜੇ ਪੱਧਰ ਦੇ ਕੁਇਜ਼ ਮੁਕਾਬਲੇ ਵਿੱਚ ਸੀਨੀਅਰ ਵਿਦਿਆਰਥੀਆਂ ਨੇ ਤੀਜਾ ਸਥਾਨ ਹਾਸਲ ਕਰਕੇ ਟਰਾਫ਼ੀ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਹੈਰੀਟੇਜ ਪਬਲਿਕ ਸਕੂਲ ਨੇ ਇਸ ਮੁਕਾਬਲੇ ਵਿੱਚ ਸੰਗਰੂਰ ਦੇ ਸਾਰੇ ਸਕੂਲਾਂ ਵਿੱਚੋਂ ਸਭ ਤੋਂ ਵੱਧ ਭਾਗੀਦਾਰੀ ਦਾ ਮੋਹਰੀ ਹੋਣ ਦਾ ਮਾਣ ਹਾਸਲ ਕਰਦਿਆਂ ਟਰਾਫ਼ੀ ਜਿੱਤ ਕੇ ਇਲਾਕੇ ਵਿੱਚੋਂ ਆਪਣਾ ਨਾਂ ਰੁਸ਼ਨਾਇਆ। ਜਿੱਤਣ ਵਾਲੇ ਵਿਦਿਆਰਥੀਆਂ ਦੇ ਸਕੂਲ ਆਉਣ ਤੇ ਸਕੂਲ ਪ੍ਰਬੰਧਕ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ ਪ੍ਰਿੰਸੀਪਲ ਮੀਨੂ ਸੂਦ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਮੁਕਾਬਲਾ ਬੱਚਿਆਂ ਵਿੱਚ ਆਤਮ- ਵਿਸ਼ਵਾਸ ਪੈਦਾ ਕਰਦਾ ਹੈ ਅਤੇ ਇਹ ਆਤਮ ਵਿਸ਼ਵਾਸ਼ ਉੱਜਵਲ ਭਵਿੱਖ ਵੱਲ ਵਧਣ ਲਈ ਸਹਾਇਕ ਹੁੰਦਾ ਹੈ ਤੇ ਵਿਦਿਆਰਥੀਆਂ ਨੇ ਜਿਸ ਮਿਹਨਤ ਨਾਲ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ, ਉਹ ਵਾਕਿਆ ਹੀ ਸ਼ਲਾਘਾਯੋਗ ਹੈ।