ਹੈਰੀਟੇਜ ਸਕੂਲ ਭਵਾਨੀਗੜ੍ਹ ਵਿਖੇ ਦੀਵਾਲੀ ਮੇਲੇ ਦਾ ਸ਼ਾਨਦਾਰ ਆਯੋਜਨ
ਭਵਾਨੀਗੜ੍ਹ, 22 ਅਕਤੂਬਰ (ਗੁਰਵਿੰਦਰ ਸਿੰਘ)-ਦੀਵਾਲੀ, ਰੋਸ਼ਨੀ ਅਤੇ ਖੁਸ਼ੀਆਂ ਦਾ ਤਿਉਹਾਰ, ਦੇਸ਼ ਭਰ ਵਿੱਚ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ। ਦੀਵਾਲੀ ਮਨਾਉਣ ਦਾ ਮਕਸਦ ਸੱਚ ਦੀ ਜਿੱਤ ਅਤੇ ਹਨੇਰੇ 'ਤੇ ਰੌਸ਼ਨੀ ਦੀ ਜਿੱਤ ਨੂੰ ਦਰਸਾਉਣਾ ਹੈ। ਹੈਰੀਟੇਜ ਪਬਲਿਕ ਸਕੂਲ ,ਭਵਾਨੀਗੜ੍ਹ ਵਿਖੇ ਸ਼ੁੱਕਰਵਾਰ ਨੂੰ ਦੀਵਾਲੀ ਮੇਲੇ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਨੂੰ ਆਪਣੇ ਤਿਉਹਾਰ ਸੱਭਿਆਚਾਰ ਅਤੇ ਸੱਭਿਅਤਾ ਬਾਰੇ ਜਾਣਨ ਅਤੇ ਸਮਝਣ ਦਾ ਮੌਕਾ ਦਿੰਦੇ ਹਨ ਅਤੇ ਨਾਲ਼ ਹੀ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ। ਇਸ ਮੇਲੇ ਵਿੱਚ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਮਸਾਲੇਦਾਰ ਪਕਵਾਨਾਂ ਦੇ ਸਟਾਲ ਅਤੇ ਐਂਗਰੀ ਬਰਡਜ਼, ਕਾਟਨ ਬਾਲ ਸਕੂਪ, ਫਨ ਵਿਦ ਨੰਬਰਜ਼, ਹਿੱਟ ਦਾ ਬਾਲ ਆਦਿ ਮਨੋਰੰਜਕ ਖੇਡਾਂ ਦੇ ਸਟਾਲ ਲਗਾਏ ਗਏ। ਬੱਚਿਆਂ ਨੇ ਖੇਡਾਂ ਦੇ ਨਾਲ਼-ਨਾਲ਼ ਮਸਾਲੇਦਾਰ ਪਕਵਾਨਾਂ ਦਾ ਆਨੰਦ ਮਾਣਿਆ। ਆਰਟ ਐਂਡ ਕਰਾਫਟ ਵਿੱਚ ਵਿਦਿਆਰਥੀਆਂ ਵੱਲੋਂ ਹੱਥਾਂ ਨਾਲ਼ ਬਣੀਆਂ ਚੀਜ਼ਾਂ ਜਿਵੇਂ ਮੰਡਲਾ ਅਤੇ ਲਿਪਿਨ ਆਰਟ, ਦੀਵੇ, ਮੋਮਬੱਤੀਆਂ ਅਤੇ ਦੀਵਾਲੀ ਨਾਲ਼ ਸਬੰਧਤ ਸਜਾਵਟੀ ਵਸਤੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਅਤੇ ਇਹਨਾਂ ਦੀ ਬਹੁਤ ਸ਼ਲਾਘਾ ਕੀਤੀ ਗਈ। ਮੇਲੇ ਵਿੱਚ ਖਿੱਚ ਦਾ ਬਿੰਦੂ ਸੱਭਿਆਚਾਰਕ ਪ੍ਰੋਗਰਾਮ ਸੀ ,ਜਿਸ ਵਿੱਚ ਬੱਚਿਆਂ ਨੇ ਆਪਣੇ ਮਨਪਸੰਦ ਪੰਜਾਬੀ ਗੀਤਾਂ, ਕਵਿਤਾਵਾਂ ਗਾਈਆਂ। ਫਿਲਮੀ ਗੀਤਾਂ ’ਤੇ ਨੱਚ ਕੇ ਬੱਚਿਆਂ ਨੇ ਆਪਣੀ ਮਾਸੂਮ ਪੇਸ਼ਕਾਰੀ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਪ੍ਰਿੰਸੀਪਲ ਸ੍ਰੀਮਤੀ ਮੀਨੂੰ ਸੂਦ ਜੀ ਨੇ ਬੱਚਿਆਂ ਨੂੰ ਦੀਵਾਲੀ ਈਕੋ ਫਰੈਂਡਲੀ ਮਨਾਉਣ, ਪਟਾਕੇ ਨਾ ਚਲਾਉਣ, ਮੋਮਬੱਤੀਆਂ ਦੀ ਬਜਾਏ ਮਿੱਟੀ ਦੇ ਦੀਵੇ ਜਗਾਉਣ ਅਤੇ ਐਲ.ਈ.ਡੀ ਲਾਈਟਾਂ ਦੀ ਵਰਤੋਂ ਕਰਨ, ਆਰਗੈਨਿਕ ਰੰਗੋਲੀ ਬਣਾਉਣ ਅਤੇ ਦੀਵਾਲੀ ਦੇ ਤੋਹਫ਼ੇ 'ਚ ਛੋਟੇ-ਛੋਟੇ ਪੌਦੇ ,ਮਿੱਟੀ ਦੀਆਂ ਬਣੀਆਂ ਚੀਜ਼ਾਂ ਗਿਫਟ ਕਰਨ ਲਈ ਪ੍ਰੇਰਿਤ ਕਰਦੇ ਹੋਏ ਦੀਵਾਲੀ ਦੇ ਸ਼ੁਭ ਮੌਕੇ 'ਤੇ ਅਧਿਆਪਕਾਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ।