ਜੀ ਓ ਜੀ ਦੀ ਮੁੜ ਚਿਤਾਵਨੀ .ਮੰਗਾਂ ਨਾ ਮੰਨੀਆਂ ਤਾ ਪੱਕੇ ਮੋਰਚੇ ਗੱਡਾਗੇ
ਸੂਬਾ ਸਰਕਾਰ ਦੀ ਹਰ ਸਕੀਮ ਆਮ ਲੋਕਾਂ ਤੱਕ ਪੁੱਜਦੀ ਕਰਦੇ ਸਨ ਜੀ ਓ ਜੀ : ਸੂਬਾ ਮੀਤ ਪ੍ਰਧਾਨ
ਭਵਾਨੀਗੜ੍ਹ, 7 ਦਸੰਬਰ (ਗੁਰਵਿੰਦਰ ਸਿੰਘ)
ਜੀੳਜੀ ਸਾਬਕਾ ਸੈਨਿਕ ਪੰਜਾਬ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 23 ਦਸੰਬਰ ਨੂੰ ਮੀਟਿੰਗ ਕਰਨ ਦਾ ਭਰੋਸਾ ਦੇਣ ਬਾਅਦ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਲਗਾਇਆ ਜਾਣ ਵਾਲਾ ਪੱਕਾ ਧਰਨਾ 24 ਦਸੰਬਰ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਜੀਓਜੀ ਸਾਬਕਾ ਸੈਨਿਕ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਫਲਾਇੰਗ ਅਫਸਰ ਕਮਲ ਵਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀਆਂ ਮੰਗਾਂ ਲਈ ਰਾਜ ਅੰਦਰ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਸੁਣਵਾਈ ਨਾ ਹੁੰਦੀ ਦੇਖ 7 ਦਸੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਧਰਨੇ ਤੋਂ ਇਕ ਦਿਨ ਪਹਿਲਾਂ 6 ਦਸੰਬਰ ਦੀ ਰਾਤ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐੱਸਐੱਸਪੀ ਸੰਗਰੂਰ ਦੇ ਉਪਰਾਲੇ ਸਦਕਾ ਮੁੱਖ ਮੰਤਰੀ ਭਗਵੰਤ ਮਾਨ ਨਾਲ 23 ਦਸੰਬਰ ਨੂੰ ਮੀਟਿੰਗ ਕਰਵਾਉਣ ਦਾ ਪੱਤਰ ਡੀਸੀ ਦਫਤਰ ਸੰਗਰੂਰ ਬੁਲਾ ਕੇ ਦਿੱਤਾ ਗਿਆ, ਜਿਸ ਤੋਂ ਬਾਅਦ ਪੂਰੇ ਪੰਜਾਬ ਦੀ ਆਗੂ ਟੀਮ ਵੱਲੋਂ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਰਿਹਾਇਸ਼ ਅੱਗੇ ਪੱਕਾ ਮੋਰਚਾ ਲਗਾਉਣ ਦਾ ਉਲੀਕਿਆ ਪ੍ਰੋਗਰਾਮ ਮੁਲਤਵੀ ਕੀਤਾ ਗਿਆ। ਜੇ 23 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਹੋਣ ਵਾਲੀ ਮੀਟਿੰਗ ਵਿੱਚ ਇਨਸਾਫ ਨਾ ਮਿਲਿਆ ਤਾਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸੰਗਰੂਰ ਵਿਖੇ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਕੈਪਟਨ ਸਿਕੰਦਰ ਸਿੰਘ ਫੱਗੂਵਾਲਾ, ਹੌਲਦਾਰ ਗੁਰਮੀਤ ਸਿੰਘ ਕਾਲਾਝਾੜ, ਹੌਲਦਾਰ ਪਰਮਜੀਤ ਸਿੰਘ ਬਟੜਿਆਣਾ, ਹੌਲਦਾਰ ਕੌਰ ਸਿੰਘ ਜਖੇਪਲ, ਹੌਲਦਾਰ ਦਵਿੰਦਰ ਸਿੰਘ ਮਾਝਾ, ਹੌਲਦਾਰ ਬਲਜਿੰਦਰ ਸਿੰਘ ਈਲਵਾਲ ਅਤੇ ਹੌਲਦਾਰ ਜਗਰਾਜ ਸਿੰਘ ਬਡਰੁੱਖਾਂ ਵੀ ਹਾਜ਼ਰ ਸਨ।