ਕੌਮੀ ਸੜਕ ਸੁਰੱਖਿਆ ਹਫ਼ਤੇ ਤਹਿਤ ਜਾਗਰੂਕਤਾ ਮੁਹਿੰਮ ਜਾਰੀ
ਸਕੱਤਰ ਆਰ.ਟੀ.ਏ ਵੱਲੋਂ ਫੱਗੂਵਾਲਾ ਵਿਖੇ ਵਿਦਿਆਰਥੀਆਂ ਨੂੰ ਕੀਤਾ ਗਿਆ ਸੁਚੇਤ
ਭਵਾਨੀਗੜ੍ਹ, 12 ਜਨਵਰੀ (ਯੁਵਰਾਜ ਹਸਨ) :-ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਕੌਮੀ ਸੜਕ ਸੁਰੱਖਿਆ ਹਫ਼ਤੇ ਤਹਿਤ ਜ਼ਿਲ੍ਹਾ ਸੰਗਰੂਰ ਵਿਖੇ ਵੀ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਵੱਲੋਂ ਜਾਗਰੂਕਤਾ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸ ਲੜੀ ਤਹਿਤ ਅੱਜ ਸਕੱਤਰ ਆਰ.ਟੀ.ਏ ਡਾ. ਵਨੀਤ ਕੁਮਾਰ ਵੱਲੋਂ ਜਥੇਦਾਰ ਜੰਗੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਗੂਵਾਲਾ ਵਿਖੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਮਹੱਤਵਪੂਰਨ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੜਕ ’ਤੇ ਚਲਦਿਆਂ ਆਵਾਜਾਈ ਸੰਕੇਤਾਂ ਤੇ ਆਵਾਜਾਈ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਬੇਹੱਦ ਜ਼ਰੂਰੀ ਹੈ ਤਾਂ ਜੋ ਸੜਕ ਹਾਦਸਿਆਂ ਨੂੰ ਰੋਕਣ ਵਿੱਚ ਜਿੰਮੇਵਾਰ ਨਾਗਰਿਕ ਵਜੋਂ ਆਪਣਾ ਯੋਗਦਾਨ ਪਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸੜਕ ਹਾਦਸਿਆਂ ਕਾਰਨ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਨੂੰ ਰੋਕਣ ਲਈ ਹਰੇਕ ਨਾਗਰਿਕ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਇਸ ਸਬੰਧੀ ਵਿਦਿਆਰਥੀ ਵੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਪਿਆਂ, ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਵੀ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਸਮੇਂ ਸਮੇਂ ’ਤੇ ਪ੍ਰੇਰਿਤ ਕਰਦੇ ਰਹਿਣ। ਸਕੱਤਰ ਆਰ.ਟੀ.ਏ ਨੇ ਕਿਹਾ ਕਿ ਇਹ ਜਾਗਰੂਕਤਾ ਕੇਵਲ ਇੱਕ ਹਫ਼ਤਾ ਜਾਂ ਮਹੀਨਾ ਭਰ ਲਈ ਨਹੀਂ, ਬਲਕਿ ਹਮੇਸ਼ਾਂ ਲਈ ਲਾਗੂ ਰੱਖਣੀ ਚਾਹੀਦੀ ਹੈ ਕਿਉਂਕਿ ਹਰ ਸਾਲ ਸੜਕ ਹਾਦਸਿਆਂ ਦੀ ਵਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੜਕ ’ਤੇ ਚੱਲਣ ਦੇ ਨਿਯਮਾਂ, ਟਰੈਫਿਕ ਸੰਕੇਤ ਚਿੰਨਾਂ ਆਦਿ ਬਾਰੇ ਵੀ ਦੱਸਿਆ। ਡਾ. ਵਨੀਤ ਕੁਮਾਰ ਨੇ ਇਨ੍ਹੀ ਦਿਨੀ ਪੈ ਰਹੀ ਧੁੰਦ ਕਾਰਨ ਸੜਕ ’ਤੇ ਚੱਲਣ ਸਮੇਂ ਵਧੇਰੇ ਚੌਕਸੀ ਵਰਤਣ ਲਈ ਵੀ ਪ੍ਰੇਰਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਅਰਜੋਤ ਕੌਰ, ਡੀ.ਪੀ.ਈ ਰਮਨਦੀਪ ਅੱਤਰੀ ਵੀ ਮੌਜੂਦ ਸਨ।