ਨਾਰੀ ਸ਼ਕਤੀ ਲਈ ਸਿਰਫ 8 ਮਾਰਚ ਹੀ ਕਿਉਂ,,,?
ਹਰ ਦਿਨ ਔਰਤ ਦੇ ਸਨਮਾਨ ਦਾ ਦਿਨ ਹੋਣਾ ਚਾਹੀਦਾ ਹੈ :-ਡਾਕਟਰ ਚੰਨਪ੍ਰੀਤ ਕੋਰ
ਸੰਗਰੂਰ 8ਮਾਰਚ (ਯਾਦਵਿੰਦਰ ਸਿੰਘ ਲਾਲੀ) ਅੱਜ ਅੱਠ ਮਾਰਚ ਯਾਨੀ ਕਿ ਔਰਤ ਦਿਵਸ, ਅੱਜ ਦਾ ਦਿਨ ਔਰਤਾਂ ਨੂੰ ਸਮਰਪਿਤ ਅੰਤਰਰਾਸ਼ਟਰੀ ਔਰਤ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਮੰਤਵ ਔਰਤਾਂ ਨੂੰ ਸਸ਼ੱਕਤ ਕਰਨਾ ਹੈ। 1910 ਵਿਚ ਕੂਪਨਗੇਹ ਵਿਖੇ ਇਕ ਅੰਤਰਰਾਸ਼ਟਰੀ ਕਾਨਫਰੰਸ ਹੋਈ ਜਿਸ ਵਿਚ ਔਰਤਾਂ ਨੂੰ ਅਜ਼ਾਦੀ,ਕਲਿਆਣ, ਅਤੇ ਜਾਗ੍ਰਿਤੀ ਲਈ ਵਿਸ਼ਵ ਪੱਧਰ ਤੇ ਇੱਕ ਦਿਨ ਨਿਸਚਿਤ ਕਰਨ ਦਾ ਫੈਸਲਾ ਕੀਤਾ ਗਿਆ ਤੇ ਉਦੋਂ ਤੋਂ ਇਹ ਦਿਨ 8 ਮਾਰਚ ਔਰਤ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ। ਭਾਵੇਂ ਔਰਤ ਦਿਵਸ ਬਹੁਤ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ ਪਰ ਫਿਰ ਵੀ ਸਾਡੇ ਦੇਸ਼ ਅੰਦਰ ਬਹੁਤੀਆਂ ਔਰਤਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਇੱਕ ਦਿਨ ਉਨ੍ਹਾਂ ਦਾ ਵੀ ਹੈ ਅਤੇ ਉਹ ਔਰਤ ਦਿਵਸ ਦੇ ਮਾਅਨਿਆਂ ਤੋਂ ਅਣਜਾਣ ਹਨ। ਅੱਜ ਲੋੜ ਹੈ ਔਰਤ ਨੂੰ ਬਰਾਬਰਤਾ ਦੇ ਹਰ ਅਧਿਕਾਰ ਦੇਣ ਦੀ ਤੇ ਇਹੋ ਉਨ੍ਹਾਂ ਲਈ ਅਸਲ ਤੌਰ ਤੇ ਔਰਤ ਦਿਵਸ ਹੋਵੇਗਾ।

ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ --- ਡਾਕਟਰ ਚੰਨਪ੍ਰੀਤ ਕੋਰ

ਸੰਗਰੂਰ ਨਿਵਾਸੀ ਡਾਕਟਰ ਚੰਨਪ੍ਰੀਤ ਕੋਰ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ। ਗੁਰੂਆਂ ਦੀ ਬਾਣੀ ਦੇ ਵਿਚ ਵੀ ਔਰਤ ਨੂੰ ਨਾਰੀ ਸ਼ਕਤੀ ਮੰਨਿਆ ਗਿਆ ਹੈ।ਜੋ ਕਿਸੇ ਤੇ ਨਿਰਭਰ ਨਹੀਂ ਹੰਦੀ ਸਗੋਂ ਆਪਣੇ ਹੋਂਸਲੇ ਤੇ ਹਿੰਮਤ ਸਦਕਾ ਜੇ ਇੱਕ ਪਾਸੇ ਇੱਕ ਰਾਜੇ ਨੂੰ ਜਨਮ ਦੇ ਸਕਦੀ ਹੈ ਤਾਂ ਦੂਜੇ ਪਾਸੇ ਜ਼ਾਲਮਾਂ ਦਾ ਨਾਸ਼ ਕਰਨ ਦੀ ਸਮਰੱਥਾ ਵੀ ਰੱਖਦੀ ਹੈ। ਉਨ੍ਹਾਂ ਕਿਹਾ ਕਿ ਬੇਬੇ ਨਾਨਕੀ, ਮਾਤਾ ਖੀਵੀ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਸੁੰਦਰੀ ਜੀ, ਬੀਬੀ ਰਜਨੀ ਜੀ, ਮਾਤਾ ਸੁਲੱਖਣੀ ਜੀ, ਬੀਬੀ ਭਾਨੀ ਜੀ ਤੇ ਮਾਈ ਭਾਗੋ ਜੀ ਹਰ ਇਕ ਦਾ ਸਿੱਖ ਇਤਹਾਸ ਵਿੱਚ ਆਪਣੀ ਇਕ ਵੱਖਰੀ ਪਹਿਚਾਣ ਹੈ ।

ਨਾਰੀ ਸ਼ਕਤੀ ਲਈ ਸਿਰਫ 8 ਮਾਰਚ ਹੀ ਕਿਉਂ ?--- ਸੁਖਮਨੀ

ਮੈਡਮ ਸੁਖਮਨੀ ਦਾ ਕਹਿਣਾ ਹੈ ਕਿ ਨਾਰੀ ਸ਼ਕਤੀ ਲਈ ਸਿਰਫ 8 ਮਾਰਚ ਹੀ ਕਿਉਂ ਬਲਕਿ ਨਾਰੀ ਸ਼ਕਤੀ ਦੇ ਮਹੱਤਵ ਨੂੰ ਪਹਿਚਾਣ ਦਿਵਾਉਣ ਲਈ
ਹਰ ਦਿਨ ਨੂੰ ਔਰਤ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਹਰ ਰੋਜ਼,ਹਰ ਥਾਂ ਅਤੇ ਹਰ ਖੇਤਰ ਵਿਚ ਔਰਤ ਦੀ ਇੱਜ਼ਤ ਹੋਣੀ ਚਾਹੀਦੀ ਹੈ ਤੇ ਇਹ ਔਰਤ ਲਈ ਸਭ ਤੋਂ ਵੱਡਾ ਸਨਮਾਨ ਹੈ। ਮੈਡਮ ਸੁਖਮਨੀ ਨੇ ਕਿਹਾ ਕਿ ਔਰਤ ਦਿਵਸ ਤਦ ਹੀ ਸਫ਼ਲ ਹੋਵੇਗਾ ਜਦ ਔਰਤ ਨੂੰ ਉਸ ਦਾ ਸਵੈਮਾਣ ਪੂਰਨ ਰੂਪ ਵਿਚ ਆਜ਼ਾਦੀ ਨਾਲ ਹਾਸਲ ਹੋਵੇਗਾ।

ਔਰਤਾਂ ਨੂੰ ਕੰਮਜ਼ੋਰ ਤੇ ਲਾਚਾਰ ਨਹੀਂ ਸਮਝਣਾ ਚਾਹੀਦਾ -- ਪ੍ਰੀਤੀ ਮਹੰਤ

ਸਮਾਜ ਸੇਵੀ ਪ੍ਰੀਤੀ ਮਹੰਤ ਦਾ ਕਹਿਣਾ ਹੈ ਕਿ ਔਰਤਾਂ ਨੂੰ ਕਮਜ਼ੋਰ ਅਤੇ ਲਾਚਾਰ ਨਹੀਂ ਸਮਝਣਾ ਚਾਹੀਦਾ, ਬਲਕਿ ਜੋ ਉਨ੍ਹਾਂ ਨੂੰ ਕਰਨ ਦੀ ਇੱਛਾ ਹੋਵੇ, ਉਸ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਹਰੇਕ ਔਰਤ ਆਪਣਾ ਚੰਗਾ-ਬੁਰਾ ਸਮਝਦੀ ਹੈ। ਮਰਦਾਂ ਨੂੰ ਵੀ ਔਰਤਾਂ ਨੂੰ ਬਰਾਬਰ ਅਧਿਕਾਰ ਦੇਣੇ ਚਾਹੀਦੇ ਹਨ ਇਸ ਨਾਲ ਔਰਤਾਂ ਨੂੰ ਕੁਝ ਹੋਰ ਅੱਗੇ ਵਧਣ ਦੀ ਪ੍ਰੇਰਨਾ ਮਿਲੇਗੀ ਕਿਉਂਕਿ ਜਦੋਂ ਰੁਕਾਵਟਾ ਤੋਂ ਲੰਘ ਕੇ ਔਰਤ ਅੱਗੇ ਵਧਣ ਦਾ ਰਸਤਾ ਚੁਣੇਗੀ ਤਾਂ ਉਹ ਸਮਾਜ ਲਈ ਜ਼ਰੂਰ ਕੁਝ ਕਰ ਗੁਜ਼ਰੇਗੀ। ਪ੍ਰੀਤੀ ਮਹੰਤ ਨੇ ਕਿਹਾ ਕਿ ਘਰ ਤੋਂ ਬਾਹਰ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾਵਾਂ ’ਚ ਕੰਮ ਕਰਨ ਵਾਲੀਆਂ ਔਰਤਾਂ ’ਤੇ ਉਂਗਲੀ ਚੁੱਕਣਾ ਨਿੰਦਣਯੋਗ ਹੈ।

ਔਰਤਾਂ ਨੂੰ ਅਜੇ ਹੋਰ ਜਾਗਰੂਕ ਹੋਣ ਦੀ ਲੋੜ ਹੈ --- ਡਾਕਟਰ ਅੰਜਲੀ ਵਰਮਾ

ਐਗਜੁਲੀਅਮ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਡਾਕਟਰ ਅੰਜਲੀ ਵਰਮਾ ਦਾ ਕਹਿਣਾ ਹੈ ਕਿ ਅਜੇ ਵੀ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਹੋਰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੀ ਅਜ਼ਾਦੀ, ਆਪਣੇ ਹੱਕ ਅਤੇ ਬਰਾਬਰਤਾ ਲਈ ਜਾਗਰੂਕ ਹੋਣਾ ਹੀ ਪੈਣਾ ਹੈ। ਔਰਤਾਂ ਨੂੰ ਜੋ ਹੱਕ ਹੁਣ ਤੱਕ ਮਿਲੇ ਹਨ ਉਹ ਕਿਸੇ ਨੇ ਤੋਹਫ਼ੇ ਵਜੋਂ ਨਹੀਂ ਦਿੱਤੇ ਸਗੋਂ ਔਰਤਾ ਨੇ ਇਹ ਹੱਕ ਸੰਘਰਸ਼ ਨਾਲ ਹਾਸਲ ਕੀਤੇ ਹਨ। ਡਾਕਟਰ ਅੰਜਲੀ ਵਰਮਾ ਨੇ ਕਿਹਾ ਕਿ ਭਾਵੇਂ ਅੱਜ ਆਧੁਨਿਕ ਯੁੱਗ ਵਿਚ ਔਰਤ ਜਾਤੀ ਤੇ ਹੁੰਦੀਆਂ ਦੁਸ਼ਵਾਰੀਆਂ ਬਹੁਤ ਪਿੱਛੇ ਰਹਿ ਗਈਆ ਹਨ ਪਰ ਵਰਤਮਾਨ ਦਾ ਸਫ਼ਰ ਬਹੁਤ ਲੰਮਾ ਤੇ ਕਠਿਨ ਹੈ ਅਜੇ ਵੀ ਔਰਤਾਂ ਲਈ।

ਔਰਤ ਦਾ ਯੋਗਦਾਨ ਹਰ ਖੇਤਰ ਚ ਅਹਿਮ -- ਵੰਦਨਾ ਸਲੂਜਾ

ਮੈਡਮ ਵੰਦਨਾ ਸਲੂਜਾ ਦਾ ਕਹਿਣਾ ਹੈ ਕਿ ਇਕ ਔਰਤ ਸਾਰੇ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਸੰਭਾਲਦੀ ਹੈ। ਅੱਜ ਔਰਤਾਂ ਦਾ ਯੋਗਦਾਨ ਹਰੇਕ ਖੇਤਰ ’ਚ ਅਹਿਮ ਹੈ। ਔਰਤਾਂ ਜਿਥੇ ਕਿਸੇ ਵੀ ਦੇਸ਼ ਦੇ ਵਿਕਾਸ ਦਾ ਮੁੱਖ ਆਧਾਰ ਹੁੰਦੀਆਂ ਹਨ, ਪਰਿਵਾਰ, ਸਮਾਜ ਅਤੇ ਦੇਸ਼ ਦੀ ਤਰੱਕੀ ’ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਉਥੇ ਹੀ ਔਰਤਾਂ ਹਰ ਖੇਤਰ ’ਚ ਖੁਦ ਨੂੰ ਸਾਬਤ ਕਰ ਰਹੀਆਂ ਹਨ ਅਤੇ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ ਪਰ ਅਜੇ ਵੀ ਕਈ ਥਾਵਾਂ ’ਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਨਹੀਂ ਮਿਲ ਰਿਹਾ, ਜਿਸ ਕਾਰਣ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਲਈ ਲੜਣਾ ਪੈ ਰਿਹਾ ਹੈ। ਵੰਦਨਾ ਸਲੂਜਾ ਨੇ ਕਿਹਾ ਕਿ ਦੇਸ਼ ’ਚ ਘੱਟ ਰਹੀ ਔਰਤਾਂ ਦੀ ਗਿਣਤੀ ਤੇ ਭਰੂਣ ਹੱਤਿਆ, ਔਰਤਾਂ ’ਤੇ ਅੱਤਿਆਚਾਰ ਅਤੇ ਬਲਾਤਕਾਰ ਦੇ ਮਾਮਲੇ ਅੱਜ ਵੀ ਚਿੰਤਾ ਦਾ ਵਿਸ਼ਾ ਹਨ।

ਆਪਣੀ ਸੰਸਕ੍ਰਿਤੀ ਸੰਭਾਲਣਾ ਵੀ ਸਮੇਂ ਦੀ ਲੋੜ -- ਅਮਨਦੀਪ ਕੌਰ

ਅਧਿਆਪਕਾ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਵਿਸ਼ਵ ’ਚ ਅਜੇ ਵੀ ਔਰਤਾਂ ਦੀ ਸੁਤੰਤਰਤਾ ਨੂੰ ਲੈ ਕੇ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ ਅਤੇ ਇਕ ਔਰਤ ਸਮਾਨਤਾ ਦੇ ਅਧਿਕਾਰਾਂ ਤੋਂ ਕਾਫੀ ਦੂਰ ਹੈ ਪਰ ਵਰਤਮਾਨ ਸਮੇਂ ’ਚ ਔਰਤਾਂ ਦੇ ਸੰਘਰਸ਼ ਕਾਰਣ ਉਹ ਆਪਣੀ ਹਿੱਸੇਦਾਰੀ ਅਤੇ ਅਧਿਕਾਰਾਂ ਨੂੰ ਹਾਸਲ ਕਰਨ ਦੀ ਰਾਹ ’ਤੇ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ’ਚ ਪੜ੍ਹਣ ਵਾਲੀਆਂ ਵਿਦਿਆਰਥਣਾਂ ਆਪਣੀ ਸੰਸਕ੍ਰਿਤੀ ਅਤੇ ਪਹਿਰਾਵੇ ਨੂੰ ਜ਼ਰੂਰ ਅਪਣਾਈ ਰੱਖਣ ਕਿਉਂਕਿ ਪੱਛਮੀ ਸੱਭਿਅਤਾ ਦਾ ਪ੍ਰਭਾਵ ਸਾਨੂੰ ਗਲਤ ਦਿਸ਼ਾ ਵੱਲ ਲੈ ਕੇ ਜਾ ਰਿਹਾ ਹੈ।

ਔਰਤਾਂ ਦੇ ਅਧਿਕਾਰਾਂ ਦੀ ਰਾਖੀ ਜ਼ਰੂਰੀ -- ਬਲਜੀਤ ਕੌਰ ਪੇਧਨੀ

ਮੁਲਾਜ਼ਮ ਆਗੂ ਬਲਜੀਤ ਕੌਰ ਪੇਧਨੀ ਦਾ ਕਹਿਣਾ ਹੈ ਕਿ ਔਰਤਾਂ ਨੂੰ ਅਧਿਕਾਰ ਦੇਣ ਲਈ ਸਰਕਾਰਾਂ ਯਤਨਸ਼ੀਲ ਹਨ ਪਰ ਕਈ ਵਾਰ ਇਹ ਅਧਿਕਾਰ ਰਸਤੇ ’ਚ ਦਬ ਕੇ ਰਹਿ ਜਾਂਦੇ ਹਨ, ਜ਼ਰੂਰਤ ਹੈ ਕਿ ਇਨ੍ਹਾਂ ਅਧਿਕਾਰਾਂ ਲਈ ਵਰਤੋਂ ਵਾਸਤੇ ਪਾਰਦਰਸ਼ੀ ਸੋਚ ਬਣੇ ਅਤੇ ਸਮਾਜ ’ਚ ਰਹਿਣ ਵਾਲੀਆਂ ਔਰਤਾਂ ਖੁਦ ਨੂੰ ਸੁਰੱਖਿਅਤ ਅਤੇ ਮਜ਼ਬੂਤ ਸਮਝਣ। ਉਨ੍ਹਾਂ ਕਿਹਾ ਕਿ ਕਈ ਖੇਤਰਾਂ ’ਚ ਔਰਤਾਂ ਦੀ ਰਾਏ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ ਜਾਂਦਾ, ਜਦਕਿ ਇਤਿਹਾਸ ’ਚ ਔਰਤ ਅਜਿਹੇ ਕਈ ਕੰਮਾਂ ਨੂੰ ਵਿਕਾਸ ਵੱਲ ਅੱਗੇ ਤੌਰ ਚੁੱਕੀ ਹੈ ‌।