ਪ੍ਰੇਸ਼ਾਨੀ ਦੀ ਹਾਲਤ ਵਿਚ ਨੌਜਵਾਨ ਨੇ ਲਿਆ ਫਾਹਾ
ਭਵਾਨੀਗੜ੍ਹ, 14 ਮਾਰਚ ( ਯੁਵਰਾਜ ਹਸਨ)-ਨੇੜਲੇ ਪਿੰਡ ਫੱਗੂਵਾਲਾ ਦੇ ਨੌਜਵਾਨ ਵੱਲੋਂ ਪ੍ਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੀ ਪਹਿਚਾਣ ਲਵਪ੍ਰੀਤ ਖਾਨ ਉਰਫ ਲਵੀ (22) ਪੁੱਤਰ ਨਜੀਰ ਖਾਨ ਵਜੋਂ ਹੋਈ ਹੈ। ਸ਼ਮਸਾਨਘਾਟ ’ਚ ਬਣੀ ਸ਼ੈੱਡ ਨਾਲ ਫਾਹਾ ਲਗਾ ਕੇ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਸੁਖਦੇਵ ਸਿੰਘ ਏ. ਐੱਸ. ਆਈ. ਥਾਣਾ ਭਵਾਨੀਗੜ੍ਹ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਲਵਪ੍ਰੀਤ ਦੇ ਦਾਦਾ ਦਰਬਾਰਾ ਖਾਨ ਜੋ ਪੱਲੇਦਾਰੀ ਕਰਦਾ ਹੈ, ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਪੋਤਾ ਲਵਪ੍ਰੀਤ ਖਾਨ ਘਰੋਂ ਜ਼ਿਆਦਾਤਰ ਬਾਹਰ ਹੀ ਰਹਿੰਦਾ ਸੀ ਤੇ ਕਿਸੇ ਗੱਲੋਂ ਮਾਨਸਿਕ ਪ੍ਰੇਸ਼ਾਨ ਸੀ। ਬੀਤੀ ਰਾਤ ਲਵਪ੍ਰੀਤ ਖਾਨ ਨੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਜਾ ਕੇ ਉੱਥੇ ਬਣੇ ਸ਼ੈੱਡ ਦੀ ਛੱਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਸਬੰਧੀ ਪਰਿਵਾਰ ਨੂੰ ਬੁੱਧਵਾਰ ਸਵੇਰੇ ਪਤਾ ਲੱਗਿਆ। ਪੁਲੀਸ ਨੇ ਦਰਬਾਰਾ ਖਾਨ ਦੇ ਬਿਆਨਾਂ ’ਤੇ ਮਾਮਲੇ ਸਬੰਧੀ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ।