ਮੂਨਕ ਤੇ ਖਨੌਰੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਾਰਵੀਸਾਈਡ ਦਵਾਈ ਦਾ ਸਪਰੇਅ ਤੇ ਫੌਗਿੰਗ ਪ੍ਰਕਿਰਿਆ ਤੇਜ਼
ਸੰਗਰੂਰ (ਰਸ਼ਪਿੰਦਰ ਸਿੰਘ) ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ’ਤੇ ਖਨੌਰੀ ਤੇ ਮੂਨਕ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਤੇ ਪਸ਼ੂ ਪਾਲਣ ਵਿਭਾਗ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਸਿਹਤ ਵਿਭਾਗ ਦੀਆਂ ਟੀਮਾਂ ਖੜ੍ਹੇ ਪਾਣੀ ਦੇ ਸਰੋਤਾਂ ਵਿੱਚ ਲਾਰਵੇ ਦੇ ਖਾਤਮੇ ਲਈ ਚੌਕਸ ਹਨ ਅਤੇ ਲੋਕਾਂ ਦੀ ਸਿਹਤ ਨੂੰ ਪ੍ਰਮੁੱਖਤਾ ਦਿੰਦੇ ਹੋਏ ਲਾਰਵੀਸਾਈਡ ਸਪਰੇਅ ਅਤੇ ਫੌਗਿੰਗ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ।
ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਡੇਂਗੂ, ਮਲੇਰੀਆ, ਟਾਈਫਾਈਡ ਅਤੇ ਪੀਲੀਆ ਆਦਿ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਮੱਛਰ ਭਜਾਊ ਕਰੀਮਾਂ, ਕਲੋਰੀਨ ਦੀਆਂ ਗੋਲੀਆਂ ਅਤੇ ਹੋਰ ਲੋੜੀਂਦੀਆਂ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ।
ਇਸ ਮੌਕੇ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਹੜ੍ਹਾਂ ਦੀ ਸਥਿਤੀ ਕਾਰਨ ਪ੍ਰਭਾਵਿਤ ਥਾਂਵਾਂ ਉਤੇ ਅਤੇ ਘਰਾਂ ਵਿੱਚ ਪਏ ਟੁਟੇ ਫੁੱਟੇ ਬਰਤਨਾਂ ਵਿੱਚ ਪਾਣੀ ਇੱਕਠਾ ਅਤੇ ਹਵਾ ਵਿੱਚ ਨਮੀ ਹੋਣ ਕਾਰਣ ਮੱਛਰਾਂ ਦੀ ਪੈਦਾਇਸ਼ ਲਈ ਅਨੁਕੂਲ ਵਾਤਾਵਰਨ ਹੋਣ ਕਾਰਣ ਮੱਛਰਾਂ ਦੀ ਪੈਦਾਇਸ਼ ਦਾ ਵਧਣਾ ਲਾਜਮੀ ਹੈ। ਇਸ ਲਈ ਲੋਕ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਾਡੀਆਂ ਟੀਮਾਂ ਇਲਾਕੇ ਵਿੱਚ ਪਾਣੀ ਭਰਨ ਦੇ ਪਹਿਲੇ ਦਿਨ ਤੋਂ ਹੀ ਕਿਸ਼ਤੀ ਅਤੇ ਹੋਰ ਸਾਧਨਾਂ ਰਾਹੀਂ ਪਸ਼ੁ ਪਾਲਕਾਂ ਦੇ ਘਰਾਂ ਵਿੱਚ ਜਾ ਕੇ ਪਸ਼ੂਆਂ ਦੀ ਸਿਹਤ ਜਾਂਚ ਕਰਨ ਵਿੱਚ ਜੁਟੀਆਂ ਹਨ। ਉਨ੍ਹਾਂ ਦੱਸਿਆ ਕਿ ਲੋੜ ਮੁਤਾਬਕ ਪਸ਼ੂਆਂ ਦਾ ਟੀਕਾਕਰਨ ਸਮੇਤ ਹੋਰ ਵੈਟਰਨਰੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਲਈ ਚਾਰੇ ਤੇ ਫੀਡ ਪੱਖੋਂ ਵੀ ਕੋਈ ਕਮੀ ਨਹੀਂ ਹੈ ਅਤੇ ਜਿਥੇ ਕਿਤੇ ਵੀ ਪਸ਼ੂਆਂ ਸਬੰਧੀ ਕੋਈ ਜ਼ਰੂਰਤ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਾਡੀਆਂ ਟੀਮਾਂ ਫੌਰੀ ਕਾਰਵਾਈ ਅਮਲ ਵਿੱਚ ਲਿਆਂਦੀਆਂ ਹਨ। ਉਨ੍ਹਾਂ ਕਿਹਾ ਕਿ ਕਈ ਥਾਵਾਂ ਤੋਂ ਮੀਂਹ ਦੇ ਪਾਣੀ ਵਿੱਚ ਘਿਰੇ ਪਸ਼ੂਆਂ ਨੂੰ ਵੀ ਕਿਸ਼ਤੀ ਰਾਹੀਂ ਸੁਰੱਖਿਅਤ ਸਥਾਨਾਂ ’ਤੇ ਲਿਆਂਦਾ ਗਿਆ ਹੈ।