ਹੈਰੀਟੇਜ ਪਬਲਿਕ ਸਕੂਲ ’ਚ ‘ਸਕਾਊਟਸ ਐਂਡ ਗਾਈਡਜ਼’ ਕੈਂਪ ਦਾ ਆਯੋਜਨ
ਭਵਾਨੀਗੜ੍ਹ, 28 ਜੁਲਾਈ (ਗੁਰਵਿੰਦਰ ਸਿੰਘ ) : ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਵਿੱਚ ਅਨੁਸ਼ਾਸ਼ਨ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਨੈਤਿਕ ਸਿੱਖਿਆ ਅਤੇ ਸਵੈ-ਰੱਖਿਆ ਸਿਖਾਉਣ ਵਾਸਤੇ ‘ਸਕਾਊਟਸ ਐਂਡ ਗਾਈਡਜ਼’ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮਕਸਦ ਬੱਚਿਆਂ ਵਿੱਚ ਕੁਦਰਤ ਅਤੇ ਕੁਦਰਤੀ ਜੀਵਾਂ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਕਰਨਾ ਅਤੇ ਕੁਦਰਤੀ ਆਫ਼ਤਾਂ ਤੋਂ ਬਚਾਅ ਲਈ ਬੱਚਿਆਂ ਨੂੰ ਨਿਪੁੰਨ ਕਰਨਾ ਸੀ। ਇਸ ਕੈਂਪ ਦੀ ਅਗਵਾਈ ਦਰਸ਼ਨ ਸਿੰਘ (ਜੁਆਇੰਟ ਸਟੇਟ ਔਰਗੇਨਾਈਜ਼ਿੰਗ ਕਮਿਸ਼ਨਰ, ਸਟੇਟ ਹੈੱਡ ਕੁਆਟਰ ਚੰਡੀਗੜ੍ਹ) ਵੱਲੋਂ ਕੀਤੀ ਗਈ। ਇਸ ਕੈਂਪ ਵਿਚ ਤੀਸਰੀ ਤੋਂ ਨੌਵੀਂ ਜਮਾਤ ਦੇ ਬੱਚਿਆਂ ਦੁਆਰਾ ਬਹੁਤ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਕੈਂਪ ਦੌਰਾਨ ਬੱਚਿਆਂ ਨੂੰ ਪ੍ਰੇਰਨਾਦਾਇਕ ਡਾਕੂਮੈਂਟਰੀਆਂ ਦਿਖਾ ਕੇ ਕੈਂਪ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਗੰਢਾਂ ਮਾਰਨੀਆਂ, ਮੁੱਢਲੀ ਸਹਾਇਤਾ ਦੇਣੀ ਅਤੇ ਤੰਬੂ ਲਗਾਉਣੇ ਆਦਿ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਅਤੇ ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਵੱਲੋਂ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹੇ ਹੋਰ ਕੈਂਪ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਕਿਉਂਕਿ ਉਹਨਾਂ ਅਨੁਸਾਰ ਸਕੂਲ ਦੇ ਪਾਠਕ੍ਰਮ ਤੋਂ ਇਲਾਵਾ ਅਜਿਹੇ ਕੈਂਪ ਬੱਚਿਆਂ ਦੇ ਸਰਬਪੱਖੀ ਵਿਕਾਸ ਦੀ ਨੀਂਹ ਰੱਖਦੇ ਹਨ।