ਡਿਪੂ ਹੋਲਡਰਾ ਦੀ ਅਹਿਮ ਮੀਟਿੰਗ.ਆ ਰਹੀਆ ਮੁਸਕਿਲਾ ਤੇ ਧਰਨੇ ਸਬੰਧੀ ਵਿਚਾਰ ਚਰਚਾ
ਭਵਾਨੀਗੜ੍ਹ, 10 ਸਤੰਬਰ (ਯੁਵਰਾਜ ਹਸਨ) ਬਲਾਕ ਭਵਾਨੀਗੜ੍ਹ ਦੇ ਡਿਪੂ ਹੋਲਡਰਾਂ ਦੀ ਅਹਿਮ ਮੀਟਿੰਗ ਪ੍ਰਧਾਨ ਨਰਿੰਦਰ ਨਾਗਰਾ ਦੀ ਅਗਵਾਈ ਹੇਠ ਹੋਈ। ਮੀਟਿੰਗ 'ਚ ਸੂਬਾ ਪ੍ਰੈੱਸ ਸਕੱਤਰ ਮੁਕੇਸ਼ ਸਿੰਗਲਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਆਪਣੀਆਂ ਮੰਗਾਂ ਸਬੰਧੀ ਪੰਜਾਬ ਦੇ ਸਮੂਹ ਡਿਪੂ ਹੋਲਡਰਾਂ ਵੱਲੋਂ ਆਉੰਦੀ 15 ਸਤੰਬਰ ਨੂੰ ਚੰਡੀਗੜ੍ਹ ਵਿਖੇ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਅਹਿਮ ਵਿਚਾਰਾਂ ਕੀਤੀਆਂ। ਸੂਬਾ ਆਗੂ ਸਿੰਗਲਾ ਤੇ ਬਲਾਕ ਪ੍ਰਧਾਨ ਨਾਗਰਾ ਨੇ ਦੱਸਿਆ ਕਿ ਪਿਛਲੇ ਦਿਨੀਂ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਤੇ ਹੋਰ ਆਗੂਆਂ ਵੱਲੋੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੂੰ ਡਿਪੂ ਹੋਲਡਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ ਤੇ ਰਾਜਪਾਲ ਨੇ ਡਿਪੂ ਹੋਲਡਰਾਂ ਦੇ ਮਸਲਿਆਂ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਸੀ ਪਰੰਤੂ ਭਰੋਸੇ ਦੇ ਬਾਵਜੂਦ ਡਿਪੂ ਹੋਲਡਰਾਂ ਦਾ ਕੋਰੋਨਾ ਕਾਲ ਦੌਰਾਨ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਵੰਡੀ ਗਈ ਮੁਫ਼ਤ ਕਣਕ ਦਾ ਕਮਿਸ਼ਨ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਤੇ ਜੋ ਕਮਿਸ਼ਨ ਦਿੱਤਾ ਗਿਆ ਉਹ ਨਾਮਾਤਰ ਹੈ। ਜਿਸ ਸਬੰਧੀ ਡਿਪੂ ਹੋਲਡਰਾਂ 'ਚ ਭਾਰੀ ਰੋਸ ਹੈ। ਆਗੂਆਂ ਨੇ ਦੱਸਿਆ ਕਿ ਡਿਪੂ ਹੋਲਡਰ ਆਪਣੀਆਂ ਜਾਇਜ਼ ਮੰਗਾਂ ਸਬੰਧੀ ਅਨਾਜ ਭਵਨ ਚੰਡੀਗੜ੍ਹ ਵਿਖੇ 15 ਸਤੰਬਰ ਨੂੰ ਧਰਨਾ ਦੇਣਗੇ ਤੇ ਧਰਨੇ ਵਿੱਚ ਭਵਾਨੀਗੜ੍ਹ ਬਲਾਕ ਦੇ ਡਿਪੂ ਹੋਲਡਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਮਤੀਦਾਸ ਬਿਜਲਪੁਰ, ਜਸਵੀਰ ਮਾਝੀ, ਅਵਨੀਸ਼ ਕੁਮਾਰ, ਕਰਮਜੀਤ ਸਿੰਘ, ਹੈਪੀ ਸਿੰਗਲਾ, ਮੁਕੇਸ਼ ਚੌਧਰੀ, ਸੰਜੀਵ ਕੁਮਾਰ, ਬੱਬੀ ਫੱਗੂਵਾਲਾ, ਮਨਿੰਦਰ ਸਿੰਘ, ਨਰੇਸ਼ ਸੱਚਦੇਵਾ, ਗਿਆਨ ਚੰਦ, ਮਨੋਜ ਜਿੰਦਲ ਆਦਿ ਡਿਪੂ ਹੋਲਡਰ ਹਾਜ਼ਰ ਸਨ।