ਅਕਤੂਬਰ ’ਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ 61 ਥਾਂਵਾਂ ਤੇ ਹੋਣਗੇ ਅੰਮ੍ਰਿਤ ਸੰਚਾਰ ਸਮਾਗਮ-ਭਾਈ ਮਾਝੀ
ਸੰਗਰੂਰ, 14 ਸਤੰਬਰ (ਗੁਰਵਿੰਦਰ ਸਿੰਘ ਰੋਮੀ) : ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਸ੍ਰੋ. ਕਮੇਟੀ, ਕਲਗ਼ੀਧਰ ਟੱਰਸਟ ਬੜੂ ਸਾਹਿਬ, ਸਤਿਨਾਮ ਸਰਬ ਕਲਿਆਣ ਟਰੱਸਟ, ਸਮੂਹ ਮਿਸ਼ਨਰੀ ਕਾਲਜਾਂ, ਟਕਸਾਲਾਂ, ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਵੱਲੋ ਅਕਤੂਬਰ ਮਹੀਨੇ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸੂਬਿਆਂ ਦੇ 61 ਥਾਂਵਾਂ ਤੇ ਅੰਮ੍ਰਿਤ ਸੰਚਾਰ ਸਮਾਗਮ ਹੋਣਗੇ। ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ ਏ ਖ਼ਾਲਸਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰ. ਜਤਿੰਦਰ ਸਿੰਘ ਮੈਲਬੋਰਨ ਅਸਟਰੇਲੀਆ ਵਾਲਿਆਂ ਦੇ ਸਮੁੱਚੇ ਪਰਿਵਾਰ ਵੱਲੋ ਇੰਨਾਂ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ ਅੰਮ੍ਰਿਤ ਅਭਿਲਾਖੀਆਂ ਲਈ ਕਕਾਰ, ਨਿੱਤਨੇਮ ਦੇ ਗੁਟਕਾ ਸਾਹਿਬ ਅਤੇ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਦੀ ਵਡਮੁੱਲੀ ਸੇਵਾ ਨਿਭਾਈ ਜਾਵੇਗੀ। ਉਨਾ ਸਮੂਹ ਪ੍ਰਚਾਰਕਾਂ, ਕੀਰਤਨੀਆਂ, ਢਾਡੀ, ਕਵੀਸ਼ਰਾਂ ਨੂੰ ਅੰਮ੍ਰਿਤ ਸੰਚਾਰ ਸਮਾਗਮਾਂ ਦੇ ਪ੍ਰਚਾਰ ਲਈ ਕਮਰਕੱਸੇ ਕਰਨ ਲਈ ਬੇਨਤੀ ਕਰਦਿਆਂ ਕਿਹਾ ਹਰ ਤਰ੍ਹਾਂ ਦੇ ਵਿਚਾਰਧਾਰਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਕਲਗ਼ੀਧਰ ਪਿਤਾ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨ ਲਈ ਸਾਨੂੰ ਆਪਣੀ ਜ਼ੁੰਮੇਵਾਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਉੱਨ੍ਹਾਂ ਦੱਸਿਆ ਕਿ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਵੱਲੋ ਪਿਛਲੇ ਲੰਮੇ ਸਮੇਂ ਤੋਂ ਗੁਰਬਾਣੀ ਦੀਆਂ ਪੋਥੀਆਂ ਘਰ-ਘਰ ਪਹੁੰਚਾਈਆਂ ਜਾ ਰਹੀਆਂ ਹਨ, ਜਿਸਦੇ ਫਲਸਰੂਪ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਭੈਣ ਭਰਾ ਗੁਰਬਾਣੀ ਦਾ ਸਹਿਜ ਪਾਠ ਖੁਦ ਕਰ ਰਹੇ ਹਨ। ਭਾਈ ਮਾਝੀ ਨੇ ਅੰਮ੍ਰਿਤ ਸੰਚਾਰ ਸਮਾਗਮਾਂ ਦੇ ਵੇਰਵੇ ਆਪਣੇ ਫੇਸਬੁੱਕ ਪੇਜ, ਇੰਸਟਾਗ੍ਰਾਮ ਤੇ ਸਾਂਝੇ ਕਰਦਿਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ “ਕਲਗ਼ੀਧਰ ਦੇ ਪੁੱਤਰ ਧੀਓ ਅੰਮ੍ਰਿਤਧਾਰੀ ਹੋ ਕੇ ਜੀਉ” ਦਾ ਹੋਕਾ ਘਰ ਘਰ ਪਹੁੰਚਾਉਣ ਲਈ ਬੇਨਤੀ ਵੀ ਕੀਤੀ।