ਅਨੰਤਵੀਰ ਸਿੰਘ ਫੱਗੂਵਾਲਾ ਬਣਿਆ ਪੰਜਾਬ ਚੈਂਪੀਅਨ ,ਦੋ ਗੋਲਡ ਮੈਡਲ ਜਿੱਤੇ
ਭਵਾਨੀਗੜ (ਗੁਰਵਿੰਦਰ ਸਿੰਘ) ਸੂਬੇ ਭਰ ਦੇ ਸਕੂਲਾਂ ਦੀਆਂ ਹੋਈਆਂ 67ਵੀਆਂ ਪੰਜਾਬ ਪੱਧਰੀ ਖੇਡਾਂ ਵਿੱਚ ਪਿੰਡ ਫੱਗੂਵਾਲਾ ਦੇ ਅਨੰਤਵੀਰ ਸਿੰਘ ਜੋ ਕਿ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਦਾ ਵਿਦਿਆਰਥੀ ਹੈ ਨੇ ਰਾਈਫਲ ਸ਼ੂਟਿੰਗ ਓਪਨ ਸਾਈਟ, ਅੰਡਰ 19 (ਲੜਕੇ) ਦੇ ਮੁਕਾਬਲੇ ਜੋ ਕਿ ਗੁਰੂ ਸਰ ਸੁਧਾਰ ਕਾਲਜ ਲੁਧਿਆਣਾ ਵਿਖੇ ਸੰਪੰਨ ਹੋਏ ਹਨ ।ਸੂਬੇ ਭਰ ਵਿੱਚੋ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤ ਲਿਆ ਹੈ ਇਸ ਦੇ ਨਾਲ ਹੀ ਉਸਨੇ ਆਪਣੀ ਟੀਮ ਜਿਸ ਵਿੱਚ ਉਸ ਤੋਂ ਬਿਨਾਂ ਦੋ ਹੋਰ ਖਿਡਾਰੀ ਹਰਜੋਤ ਸਿੰਘ ਵਾਲੀਆ ਅਤੇ ਜੈਕੁਸ਼ ਸੰਗਰੂਰ ਸ਼ਾਮਿਲ ਸਨ ਨੂੰ ਵੀ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀ ਸਰਬ ਸ੍ਰੇਸ਼ਟ ਟੀਮ ਐਲਾਨ ਕੇ ਗੋਲਡ ਮੈਡਲ ਦਿੱਤਾ ਗਿਆ ਹੈ। ਅਨੰਤਵੀਰ ਸਿੰਘ ਫੱਗੂਵਾਲਾ ਦੇ ਕੋਚ ਮੈਡਮ ਪਵਨਦੀਪ ਕੌਰ ਸੰਗਰੂਰ ਨੇ ਦੱਸਿਆ ਅਨੰਤਵੀਰ ਸਿੰਘ ਹੁਣ ਦਸੰਬਰ ਮਹੀਨੇ ਭੁਪਾਲ ਵਿਖੇ ਹੋਣ ਵਾਲੀਆਂ ਦੇਸ਼ ਪੱਧਰੀ ਖੇਡਾਂ ਲਈ ਸਲੈਕਟ ਹੋ ਗਿਆ ਹੈ।ਇਸ ਪ੍ਰਾਪਤੀ ਦੀ ਖ਼ਬਰ ਜਦੋਂ ਉਸਦੇ ਪਿੰਡ ਫੱਗੂਵਾਲਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਫੱਗੂਵਾਲਾ ਤੇ ਅਰਵਿੰਦਰ ਕੌਰ ਜੋ ਕਿ ਅਨੰਤਵੀਰ ਸਿੰਘ ਦੇ ਮਾਤਾ ਪਿਤਾ ਹਨ ਕੋਲ ਪਹੁੰਚੀ ਤਾਂ ਘਰ ਅਤੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ।ਪਰਿਵਾਰ ਵੱਲੋਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਵਰਨਨ ਯੋਗ ਹੈ ਕਿ ਅਨੰਤਵੀਰ ਸਿੰਘ ਜਿੱਥੇ ਉਭਰਦਾ ਹੋਇਆ ਸ਼ੂਟਰ ਹੈ ਉੱਥੇ ਉਹ ਇੱਕ ਬਹੁਤ ਵਧੀਆ ਪੇਂਟਿੰਗ ਆਰਟਿਸਟ ਹੈ ਜਿਸ ਦੀਆਂ ਬਣਾਈਆਂ ਹੋਈਆਂ ਪੇਂਟਿੰਗਾਂ ਕਰਕੇ ਗੋਲਡ ਮੈਡਲ ਮਿਲ ਚੁੱਕਾ ਹੈ।