ਹੈਰੀਟੇਜ ਸਕੂਲ ਦੇ ਵਿਦਿਆਰਥੀ ਹੋਣਗੇ ਬੈਗ ਮੁਕਤ ਸਕੂਲ ਬੈਗ ਪਾਲਿਸੀ ਤਹਿਤ ਵਿਦਿਆਰਥੀਆਂ ਦੇ ਬੈਗਾਂ ਦਾ ਵਜ਼ਨ ਘਟਾਇਆ
ਭਵਾਨੀਗੜ੍ਹ, 11 ਮਾਰਚ (ਗੁਰਵਿੰਦਰ ਸਿੰਘ) : ਸਥਾਨਕ ਹੈਰੀਟੇਜ ਪਬਲਿਕ ਸਕੂਲ ਵੱਲੋਂ ਨਵੇਂ ਵਿੱਦਿਅਕ ਵਰ੍ਹੇ ਤੋਂ ਵਿਦਿਆਰਥੀਆਂ ਦੇ ਬੈਗ ਦਾ ਵਜ਼ਨ ਘੱਟ ਕੀਤਾ ਜਾਵੇਗਾ। ਸਕੂਲ ਪ੍ਰਿੰਸੀਪਲ ਯੋਗੇਸ਼ਵਰ ਸਿੰਘ ਬਟਿਆਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਸੈਸ਼ਨ 2024—25 ਤੋਂ ਨਵੀਂਆਂ ਪੈੜਾਂ ਪਾਉਣ ਜਾ ਰਿਹਾ ਹੈ ਜਿਸ ਤਹਿਤ ਇਹ ਸਕੂਲ ਨਵੀਂ ਸਿੱਖਿਆ ਨੀਤੀ ਮੁਤਾਬਕ ਸਿੱਖਿਆ ਦੇ ਨਵੇਂ ਸਾਧਨ ਅਪਣਾਏਗਾ। ਭਾਰਤ ਸਰਕਾਰ ਵੱਲੋਂ ਜਾਰੀ ਸਕੂਲ ਬੈਗ ਪਾਲਿਸੀ ਤਹਿਤ ਆਈ—ਸਕੂਲ ਕਨਸੈਪਟ ਰਾਹੀਂ ਵਿਦਿਆਰਥੀਆਂ ਦੇ ਬਸਤਿਆਂ ਦਾ ਵਜ਼ਨ ਲਗਭਗ 40% ਘਟਾ ਦਿੱਤਾ ਗਿਆ ਹੈ। ਹੁਣ ਵਿਦਿਆਰਥੀਆਂ ਨੂੰ ਬਿਨਾਂ ਸਿਲੇਬਸ ਘੱਟ ਕੀਤੇ ਸਾਰੀਆਂ ਪੁਸਤਕਾਂ ਸਮੈਸਟਰ ਵਾਈਜ਼ ਲੱਗਣਗੀਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤਿ ਆਧੁਨਿਕ ਵਿਧੀਆਂ ਅਪਣਾਈਆਂ ਜਾ ਰਹੀਆਂ ਹਨ ਜਿਸ ਦੇ ਲਈ ਵੱਖਰੇ ਤੌਰ ਤੇ ਵਿੱਦਿਅਕ ਟੀਮ ਨਿਯੁਕਤ ਕੀਤੀ ਗਈ ਹੈ ਜੋ ਕਿ ਸਮੇਂ-ਸਮੇਂ ਸਹਿਯੋਗੀ ਨਿਰੀਖਣ ਕਰੇਗੀ। ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੁਸ਼ਲ ਯੁਕਤ ਪੜਾਈ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਦੇ ਭਾਰੀ ਬਸਤਿਆਂ ਦੀ ਸਮੱਸਿਆ ਲਈ ਸਿੱਖਿਆ ਮਾਹਿਰ ਚਿੰਤਤ ਸਨ ਜਿਸ ਦਾ ਹੱਲ ਕੱਢ ਲਿਆ ਗਿਆ ਹੈ।