ਵੈਟਨਰੀ ਇੰਸਪੈਕਟਰਾਂ ਵੱਲੋਂ 7 ਜੁਲਾਈ ਨੂੰ ਜਲੰਧਰ ਵਿਖੇ ਧਰਨਾ
ਆਪ ਦੀ ਸਰਕਾਰ ਬਣਾਉਣ ਵਿੱਚ ਮੁਲਾਜ਼ਮ ਵਰਗ ਦਾ ਵੱਡਾ ਰੋਲ :ਆਗੂ
ਭਵਾਨੀਗੜ (ਯੁਵਰਾਜ ਹਸਨ)ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਵੈਟਰਨਰੀ ਇੰਸਪੈਕਟਰ ਕੇਡਰ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਪੰਜਾਬ ਭਰ ਦੇ ਵੈਟਰਨਰੀ ਇੰਸਪੈਕਟਰ ਜਿਮਨੀ ਚੋਣ ਦੌਰਾਨ ਪੰਜਾਬ ਸਰਕਾਰ ਦਾ ਡੱਟਵਾਂ ਵਿਰੋਧ ਕਰਨਗੇ। ਸਰਕਾਰ ਦੇ ਮੁਲਾਜ਼ਮ ਮਾਰੂ ਰਵੱਈਏ ਦੇ ਖਿਲਾਫ 7 ਜੁਲਾਈ ਨੂੰ ਜਲੰਧਰ ਸਥਿੱਤ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਤਹਿਸੀਲ ਪ੍ਰਧਾਨ ਸੀਨੀਅਰ ਵੈਟਨਰੀ ਇੰਸਪੈਕਟਰ ਹਰਿੰਦਰ ਪਾਲ ਰਤਨ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ 90 ਫੀਸਦੀ ਜਮੀਨੀ ਕੰਮ ਵੈਟਨਰੀ ਇੰਸਪੈਕਟਰ ਕੇਡਰ ਦੇ ਕੋਲ ਹਨ ਪਰ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਵੈਟਨਰੀ ਇੰਸਪੈਕਟਰ ਕੇਡਰ ਦੀਆਂ ਜਾਇਜ਼ ਮੰਗਾਂ ਨੂੰ ਸੁਣਨ ਤੋਂ ਇਨਕਾਰੀ ਹੈ। ਪੰਜਾਬ 'ਚ `ਆਪ' ਦੀ ਸਰਕਾਰ ਲਿਆਉਣ 'ਚ ਮੁਲਾਜ਼ਮ ਵਰਗ ਨੇ ਵੱਡਾ ਹਿੱਸਾ ਪਾਇਆ ਹੈ। ਉਹਨਾਂ ਕਿਹਾ ਕਿ ਮੁਲਾਜ਼ਮ ਵਰਗ ਨੂੰ ਪੰਜਾਬ ਸਰਕਾਰ ਤੋਂ ਵੱਡੀਆਂ ਉਮੀਦਾਂ ਸਨ ਪਰ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਦੇ ਅੰਦਰ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਤਾਂ ਕੀ ਸੁਣਨੀਆਂ ਸਨ ਸਗੋਂ ਵਿਭਾਗੀ ਮੁਸ਼ਕਲਾਂ ਦੇ ਨਿਪਟਾਰੇ ਲਈ ਵੀ ਵੈਟਨਰੀ ਇੰਸਪੈਕਟਰਜ਼ ਨੂੰ ਸਮਾਂ ਨਹੀਂ ਦਿੱਤਾ। ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਨੇ ਕਿਸੇ ਮਸਲੇ ਦੇ ਨਿਪਟਾਰੇ ਲਈ ਵੈਟਨਰੀ ਇੰਸਪੈਕਟਰਾਂ ਨਾਲ ਪੈਨਲ ਮੀਟਿੰਗ ਤੱਕ ਨਹੀਂ ਕੀਤੀ। ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਦੇ ਇਸ ਮੁਲਾਜ਼ਮ ਮਾਰੂ ਰਵਈਏ ਖਿਲਾਫ 7 ਜੁਲਾਈ ਨੂੰ ਜਲੰਧਰ ਵਿੱਚ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਘੇਰੀ ਜਾਵੇਗੀ। ਇਸ ਮੌਕੇ ਦੀਪਕ ਸੱਚਦੇਵਾ, ਸੁਖਦੀਪ ਸਿੰਘ, ਸੁਰਿੰਦਰ ਸਿੰਘ, ਜਸਪ੍ਰੀਤ ਸਿੰਘ ਅਤੇ ਭਵਾਨੀਗੜ੍ਹ ਤਹਿਸੀਲ ਦੇ ਸਾਰੇ ਵੈਟਨਰੀ ਇੰਸਪੈਕਟਰ ਹਾਜ਼ਰ ਸਨ।