ਜ਼ਿਲ੍ਹਾ ਟਰੈਫਿਕ ਪੁਲਿਸ ਨੇ ਸੜਕ ਹਾਦਸਿਆਂ ਤੋਂ ਬਚਾਅ ਲਈ ਵਾਹਨਾਂ ਉੱਤੇ ਰਿਫਲੈਕਟਰ ਲਾਏ
ਸੰਗਰੂਰ 6 ਜਨਵਰੀ (ਯੁਵਰਾਜ ਹਸਨ) ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਟਰੈਫਿਕ ਪੁਲਿਸ ਸੰਗਰੂਰ ਵੱਲੋਂ ਅੱਜ ਵੱਖ-ਵੱਖ ਥਾਵਾਂ ਉੱਤੇ ਇੱਕ ਵਿਸ਼ੇਸ਼ ਅਭਿਆਨ ਚਲਾਉਂਦੇ ਹੋਏ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟਰੈਫਿਕ ਪੁਲਿਸ ਦੇ ਇੰਚਾਰਜ ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੂਬੇ ਭਰ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਅਤੇ ਧੁੰਦ ਕਾਰਨ ਅਕਸਰ ਸੜਕ ਹਾਦਸੇ ਵਾਪਰ ਜਾਂਦੇ ਹਨ। ਉਹਨਾਂ ਕਿਹਾ ਕਿ ਅਹਤਿਆਤ ਵਜੋਂ ਵਾਹਨਾਂ ਦੇ ਪਿਛਲੇ ਪਾਸੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਸੜਕਾਂ ਉੱਤੇ ਵਾਹਨਾਂ ਦੇ ਚੱਲਣ ਸਮੇਂ ਪਿੱਛੋਂ ਆਉਂਦੇ ਵਾਹਨ ਚਾਲਕ ਇਸ ਬਾਰੇ ਅਨੁਮਾਨ ਲਗਾ ਲੈਣ ਅਤੇ ਦੁਰਘਟਨਾ ਵਾਪਰਨ ਤੋਂ ਬਚਾਅ ਹੋ ਸਕੇ। ਥਾਣੇਦਾਰ ਪਵਨ ਕੁਮਾਰ ਨੇ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵਾਹਨ ਚਲਾਉਣ ਸਮੇਂ ਪੂਰੀ ਸਾਵਧਾਨੀਆਂ ਵਰਤਨ ਅਤੇ ਹੌਲੀ ਹੌਲੀ ਵਾਹਨ ਚਲਾਉਣ। ਵਹੀਕਲਾ ਉੱਤੇ ਰਿਫਲੈਕਟਰ ਲਗਾਉਣ ਸਮੇਂ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ, ਸਰਵਨ ਸਿੰਘ, ਰਾਮ ਪ੍ਰਤਾਪ, ਹੋਲਦਾਰ ਪ੍ਰਗਟ ਸਿੰਘ ਅਤੇ ਪੀਐਚਸੀ ਮਨਜੀਤ ਸਿੰਘ ਵੀ ਮੌਜੂਦ ਸਨ।