ਹਾੜ੍ਹੀ ਦੀਆਂ ਫਸਲਾਂ ਤੋਂ ਚੰਗਾ ਮੁਨਾਫਾ ਲੈਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ
ਭਵਾਨੀਗੜ੍ਹ/ਸੰਗਰੂਰ, 6 ਫਰਵਰੀ: (ਯੁਵਰਾਜ ਹਸਨ ) ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਹਾੜ੍ਹੀ ਦੀਆਂ ਫਸਲਾਂ ਤੋਂ ਚੰਗਾ ਮੁਨਾਫਾ ਲੈਣ ਲਈ ਫਰਵਰੀ ਮਹੀਨੇ ਤੋਂ ਲੋੜੀਂਦੇ ਕਾਰਜਾਂ ਸਬੰਧੀ ਪਿੰਡ ਕਾਕੜਾ ਵਿਖੇ ਪਿੰਡ ਪੱਧਰੀ ਕੈਂਪ ਦੀ ਮੇਜ਼ਬਾਨੀ ਕੀਤੀ। ਡਾ. ਅਸ਼ੋਕ ਕੁਮਾਰ, ਡੀ.ਈ.ਐਸ. ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ, ਗੰਧਕ ਦਾ ਪ੍ਰਬੰਧਨ, ਕਣਕ ਵਿੱਚ ਮੈਂਗਨੀਜ਼ ਦੀ ਘਾਟ, ਕੀੜੇ ਮਕੌੜਿਆਂ ਦੇ ਹਮਲੇ ਲਈ ਖੇਤ ਦਾ ਨਿਰੀਖਣ ਆਦਿ ਬਾਰੇ ਖੁਰਾਕੀ ਤੱਤਾਂ ਦੇ ਪ੍ਰਬੰਧਨ ਬਾਰੇ ਵਿਸਤ੍ਰਿਤ ਲੈਕਚਰ ਦਿੱਤਾ ਅਤੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਕੀਟਨਾਸ਼ਕ ਮੁਕਤ ਸਬਜ਼ੀਆਂ ਪੀ.ਏ.ਯੂ ਦੀ ਵਰਤੋਂ ਕਰਕੇ ਆਪਣੇ ਖੇਤ ਵਿੱਚ ਉਗਾਉਣ ਦੀ ਸਲਾਹ ਦਿੱਤੀ ਗਈ। ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਬਾਅਦ ਮਿੱਟੀ ਦੀ ਪਰਖ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਮਿੱਟੀ ਪਰਖ ਦੀ ਰਿਪੋਰਟ ਦੇ ਆਧਾਰ 'ਤੇ ਹੀ ਰਸਾਇਣਕ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਟੀਮ ਨੇ ਕਿਸਾਨ ਮੇਜਰ ਸਿੰਘ ਦੇ ਕਣਕ ਦੇ ਖੇਤਾਂ ਦਾ ਦੌਰਾ ਕੀਤਾ, ਮੈਗਨੀਜ਼ ਦੀ ਘਾਟ ਦੇ ਲੱਛਣਾਂ ਨੂੰ ਪੀਏਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਛਿੜਕਾਅ ਦੀ ਸਲਾਹ ਦਿੱਤੀ। ਗਰਮੀ ਰੁੱਤ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਦੀ ਵਿਕਰੀ ਵੀ ਨਾਲੋ-ਨਾਲ ਕੀਤੀ ਗਈ। ਪਸ਼ੂਆਂ ਦੀ ਪੌਸ਼ਟਿਕ ਸਮੱਗਰੀ ਭਾਵ ਧਾਤਾਂ ਦਾ ਚੂਰਾ, ਬਾਈਪਾਸ ਫੈਟ ਅਤੇ ਪਸ਼ੂ ਚਾਟ ਦਾ ਪ੍ਰਚਾਰ ਅਤੇ ਵਿਕਰੀ ਵੀ ਕੀਤੀ ਗਈ।