ਫਾਸਟ ਟਰੈਕ ਪੰਜਾਬ ਪੋਰਟਲ’ - ਪੰਜਾਬ ਦੀ ਉਦਯੋਗੀਕ ਵਿਕਾਸ ਵੱਲ ਇਤਿਹਾਸਕ ਕਦਮ -ਡਾ. ਗੁਨਿੰਦਰਜੀਤ ਸਿੰਘ ਜਵੰਧਾ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਇਨਫੋਟੈਕ ਪੰਜਾਬ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਜੀ ਨੇ ਪੰਜਾਬ ਸਰਕਾਰ ਵੱਲੋਂ ਉਦਯੋਗੀਕ ਰੂਪਾਂਤਰਣ ਲਈ ਸ਼ੁਰੂ ਕੀਤੇ ਗਏ ‘ਫਾਸਟ ਟਰੈਕ ਪੰਜਾਬ ਪੋਰਟਲ’ ਦੀ ਭਰਵੀਂ ਸ਼ਲਾਘਾ ਕਰਦਿਆਂ ਇਸਨੂੰ ਇਕ ਇਤਿਹਾਸਕ ਕਦਮ ਕਰਾਰ ਦਿੱਤਾ ਹੈ ਜੋ ਰਾਜ ਵਿਚ ਨਿਵੇਸ਼ ਵਧਾਉਣ, ਨਵੇਂ ਉਦਯੋਗ ਲਿਆਉਣ ਅਤੇ ਰੁਜ਼ਗਾਰ ਪੈਦਾ ਕਰਨ ਵੱਲ ਇੱਕ ਮਜ਼ਬੂਤ ਪੜਾਅ ਸਾਬਤ ਹੋਵੇਗਾ।
ਡਾ. ਜਵੰਧਾ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਨਿਵੇਸ਼ਕਾਂ ਨੂੰ ਸਾਰੀਆਂ ਉਦਯੋਗਿਕ ਪ੍ਰਵਾਨਗੀਆਂ ਇੱਕ ਥਾਂ ਤੇ ਅਤੇ ਨਿਰਧਾਰਤ ਸਮੇਂ ਅੰਦਰ ਮਿਲਣਗੀਆਂ। ਉਨ੍ਹਾਂ ਕਿਹਾ ਕਿ ਆਈ. ਟੀ ਅਤੇ ਡਿਜਿਟਲ ਤਕਨਾਲੋਜੀ ਰਾਹੀਂ ਸਰਲ, ਪਾਰਦਰਸ਼ੀ ਅਤੇ ਤੇਜ਼ ਪ੍ਰਕਿਰਿਆ ਦਾ ਨਿਰਮਾਣ ਹੋ ਰਿਹਾ ਹੈ ਜਿਸ ਨਾਲ ਪੰਜਾਬ ਆਧੁਨਿਕ ਪੰਜਾਬ ਵੱਲ ਦੌੜ ਪਾਉਂਦਾ ਨਜ਼ਰ ਆ ਰਿਹਾ ਹੈ। ਡਾ. ਜਵੰਧਾ ਨੇ ਪੰਜਾਬ ਸਰਕਾਰ ਵੱਲੋਂ 200 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਫੰਡ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਨਵੇਂ ਉਦਯੋਗਪਤੀਆਂ ਲਈ ਮਜ਼ਬੂਤ ਆਧਾਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਦੂਰਦਰਸ਼ੀ ਲੀਡਰਸ਼ਿਪ ਹੇਠ ਪੰਜਾਬ ਵਿਚ ਨਵੀਂ ਉਦਯੋਗੀਕ ਕ੍ਰਾਂਤੀ ਆ ਰਹੀ ਹੈ। ਸਰਕਾਰ ਅਤੇ ਸਨਅੱਤਕਾਰਾਂ ਦੇ ਸਾਂਝੇ ਯਤਨਾਂ ਨਾਲ ਪੰਜਾਬ ਦੇਸ਼ ਦੇ ਨਕਸ਼ੇ ’ਤੇ ਚਮਕੇਗਾ ਅਤੇ ਨੰਬਰ 1 ਉਦਯੋਗੀਕ ਸੂਬਾ ਬਣੇਗਾ।