ਸੋਸ਼ਲ ਮੀਡੀਆ ਇਨਫਲੂਏਂਸਰ ਹੈਪੀ ਸ਼ਰਮਾਂ ਉੱਪਰ ਜਾਨਲੇਵਾ ਹਮਲਾ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਇਥੇ ਬਲਿਆਲ ਰੋਡ ’ਤੇ ਦੁਪਹਿਰ ਵੇਲੇ ਪੱਤਰਕਾਰ ਹਰਵਿੰਦਰ ਕੁਮਾਰ ਹੈਪੀ ਸ਼ਰਮਾ ਉਪਰ 8-10 ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ।
ਇੱਥੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਪੱਤਰਕਾਰ ਹੈਪੀ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਉਤੇ ਬੈਠਾ ਸੀ ਕਿ ਅਚਾਨਕ 8-10 ਅਣਪਛਾਤੇ ਵਿਅਕਤੀਆਂ ਨੇ ਉਸ ਉੱਤੇ ਬੇਸਬਾਲ ਦੇ ਬੱਲਿਆਂ ਤੇ ਹੋਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਦੀ ਬਾਂਹ ਤੋੜ ਦਿੱਤੀ ਅਤੇ ਸਿਰ ਪਾੜ ਦਿੱਤਾ ਗਿਆ।
ਹਮਲਾਵਰਾਂ ਨੇ ਕੁੱਟਮਾਰ ਦੌਰਾਨ ਹੈਪੀ ਸ਼ਰਮਾ ਨੂੰ ਨਸ਼ਿਆਂ ਖ਼ਾਸਕਰ ਚਿੱਟੇ ਖਿਲਾਫ ਨਾ ਬੋਲਣ ਦੀ ਤਾੜਨਾ ਕੀਤੀ। ਗ਼ੌਰਤਲਬ ਹੈ ਕਿ ਹੈਪੀ ਸ਼ਰਮਾ ਨੇ ਦੋ ਦਿਨ ਪਹਿਲਾਂ ਹੀ ਚਿੱਟੇ ਖਿਲਾਫ ਇਕ ਵੀਡੀਓ ਸ਼ੇਅਰ ਕੀਤੀ ਸੀ, ਜੋ ਕਾਫ਼ੀ ਵਾਇਰਲ ਹੋ ਰਹੀ ਸੀ। ਇਸੇ ਦੌਰਾਨ ਘਟਨਾ ਦਾ ਪਤਾ ਲੱਗਦਿਆਂ ਹੀ ਸ਼ਹਿਰ ਦੇ ਸਾਰੇ ਪੱਤਰਕਾਰ, ਕਿਸਾਨ ਆਗੂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਹਸਪਤਾਲ ਵਿੱਚ ਪਹੁੰਚ ਗਏ। ਸੰਯੁਕਤ ਪ੍ਰੈਸ ਕਲੱਬ ਭਵਾਨੀਗੜ੍ਹ ਦੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ, ਪ੍ਰੈੱਸ ਕਲੱਬ ਭਵਾਨੀਗੜ੍ਹ ਦੇ ਪ੍ਰਧਾਨ ਗੁਰਵਿੰਦਰ ਸਿੰਘ ਰੋਮੀ, ਸਰਪ੍ਰਸਤ ਮੇਜਰ ਸਿੰਘ ਮੱਟਰਾਂ, ਗੁਰਦਰਸ਼ਨ ਸਿੰਘ ਸਿੱਧੂ ਸਮੇਤ ਸਮੂਹ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਜੇ ਹਮਲਾਵਰਾਂ ਖਿਲਾਫ ਸ਼ਾਮ ਤੱਕ ਕਾਰਵਾਈ ਨਾ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਕਰਨਗੇ। ਇਸ ਦੌਰਾਨ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਆਪਣੀ ਟੀਮ ਨਾਲ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਨ੍ਹਾਂ ਭਰੋਸਾ ਦਿੱਤਾ ਕਿ ਹਮਲਾਵਰਾਂ ਨੂੰ ਜਲਦੀ ਹੀ ਕਾਬੂ ਕਰ ਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।