ਆਪ ਸਰਕਾਰ ਦੀ ਈਜੀ ਰਜਿਸਟਰੀ ਸਕੀਮ ਨਾਲ ਪੰਜਾਬੀਆਂ ਦਾ ਗੁੰਜਲਦਾਰ ਝਮੇਲਿਆਂ ਤੋਂ ਛੁਟੇਗਾ ਖਹਿੜਾ : ਡਾ. ਜਵੰਧਾ
ਸਕੀਮ ਪੰਜਾਬ ਦੇ ਵਿਕਾਸ ਵਿੱਚ ਸਾਬਤ ਹੋਵੇਗੀ ਮੀਲ ਦਾ ਪੱਥਰ: ਡਾ. ਜਵੰਧਾ
ਸੰਗਰੂਰ, 20 ਅਗਸਤ (ਗੁਰਵਿੰਦਰ ਸਿੰਘ)-ਪੰਜਾਬ ਸਰਕਾਰ ਦੀ ਈਜੀ ਰਜਿਸਟਰੀ ਸਕੀਮ ਨਾਲ ਜਾਇਦਾਦ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਪ੍ਰਕਿਰਿਆਵਾਂ ਸਰਲ, ਪਾਰਦਰਸ਼ੀ ਅਤੇ ਤੇਜ਼ ਹੋਣਗੀਆਂ ਤੇ ਪੰਜਾਬੀਆਂ ਦਾ ਹੁਣ ਗੁੰਜਲਦਾਰ ਝਮੇਲਿਆਂ ਤੋਂ ਖਹਿੜਾ ਛੁਟ ਜਾਵੇਗਾ ਇਹ ਵਿਚਾਰ ਆਪ ਦੇ ਇਨਫੋਟੈਕ ਦੇ ਚੇਅਰਮੈਨ ਅਤੇ ਪ੍ਰਸਿੱਧ ਸਮਾਜ ਸੇਵੀ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਵੱਲੋਂ ਸਾਂਝੇ ਕੀਤੇ ਗਏ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਕੀਮ ਪੰਜਾਬ ਸਰਕਾਰ ਦੇ ਮਾਲ ਵਿਭਾਗ ਅਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਦੁਆਰਾ ਈ-ਗਵਰਨੈਂਸ ਦੇ ਹਿੱਸੇ ਵਜੋਂ ਚਲਾਈ ਜਾ ਰਹੀ ਹੈ। ਇਸ ਦਾ ਉਦੇਸ਼ ਨਾਗਰਿਕਾਂ ਨੂੰ ਜਾਇਦਾਦ ਦੀ ਰਜਿਸਟ੍ਰੇਸ਼ਨ, ਸਟੈਂਪ ਡਿਊਟੀ ਅਤੇ ਹੋਰ ਸਬੰਧਤ ਸੇਵਾਵਾਂ ਨੂੰ ਡਿਜੀਟਲ ਪਲੇਟਫਾਰਮ ਰਾਹੀਂ ਸੁਖਾਲਾ ਅਤੇ ਸਮੇਂ ਸਿਰ ਮੁਹੱਈਆ ਕਰਵਾਉਣਾ ਹੈ। ਡਾ. ਜਵੰਧਾ ਨੇ ਅੱਗੇ ਕਿਹਾ ਪੰਜਾਬ ਵਿੱਚ ਸਥਾਪਿਤ ਸੁਵਿਧਾ ਕੇਂਦਰਾਂ ਤੋਂ ਨਾਗਰਿਕ ਆਸਾਨੀ ਨਾਲ ਰਜਿਸਟ੍ਰੇਸ਼ਨ ਸੇਵਾਵਾਂ ਦਾ ਲਾਭ ਲੈ ਸਕਦੇ ਹਨ।ਇਹਨਾਂ ਕੇਂਦਰਾਂ ਵਿੱਚ ਅਧਿਕਾਰੀਆਂ ਦੀ ਮਦਦ ਨਾਲ ਦਸਤਾਵੇਜ਼ ਜਮ੍ਹਾਂ ਕਰਵਾਏ ਜਾਂਦੇ ਹਨ ਜਾਇਦਾਦਾਂ ਦੀ ਰਜਿਸਟਰੇਸ਼ਨ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਂਦਾ ਹੈ। ਡਾ. ਜਵੰਧਾ ਨੇ ਦੱਸਿਆ ਕਿ ਔਨਲਾਈਨ ਪ੍ਰਕਿਰਿਆ ਅਤੇ ਸੁਵਿਧਾ ਕੇਂਦਰਾਂ ਦੇ ਜ਼ਰੀਏ ਜਾਇਦਾਦ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ ਅਤੇ ਪੰਜਾਬ ਦੇ ਵਾਸੀਆਂ ਨੂੰ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ ਅਤੇ ਉਹਨਾਂ ਦੀ ਖੱਜਲ ਖਵਾਰੀ ਬਿਲਕੁਲ ਖਤਮ ਹੋ ਗਈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਈਜੀ ਰਜਿਸਟਰੀ ਸਕੀਮ ਲਿਆ ਕੇ ਬੇਲੋੜੇ ਹਲਫੀਆ ਬਿਆਨਾਂ ਦੀ ਪ੍ਰਥਾ ਨੂੰ ਖਤਮ ਕਰਕੇ ਪ੍ਰਕਿਰਿਆ ਬਿਲਕੁਲ ਆਸਾਨ ਬਣਾ ਦਿੱਤਾ ਗਿਆ ਹੈ ਜਿਸ ਨਾਲ ਨਾਗਰਿਕਾਂ ਦਾ ਸਮਾਂ ਅਤੇ ਪੈਸਾ ਬਚ ਰਹੇ ਹਨ ਅਤੇ ਨਾਲ ਕਾਗਜੀ ਕਾਰਵਾਈ ਬਿਲਕੁਲ ਹੀ ਨਾ ਮਾਤਰ ਰਹਿ ਗਈ ਹੈ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਇਸ ਸਕੀਮ ਨਾਲ ਪੰਜਾਬ ਦੀ ਆਰਥਿਕਤਾ ਅਤੇ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ ਕਿਉਂਕਿ ਜਾਇਦਾਦ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਕਰਨ ਨਾਲ ਵਪਾਰੀਆਂ ਅਤੇ ਨਿਵੇਸ਼ਕਾਂ ਨੂੰ ਸਹੂਲਤ ਮਿਲਦੀ ਹੈ, ਜੋ ਸੂਬੇ ਦੇ ਆਰਥਿਕ ਵਿਕਾਸ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗੀ।