ਦੋ ਦਹਾਕਿਆਂ ਬਾਅਦ ਮੁੜ ਸ਼ੁਰੂ ਹੋਈ ਭੱਟੀਵਾਲ ਕਲਾਂ ਵਿਚ ਰਾਮਲੀਲਾ
ਭਵਾਨੀਗੜ੍ਹ, 24 ਸਤੰਬਰ (ਗੁਰਵਿੰਦਰ ਸਿੰਘ) : ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਦੋ ਦਹਾਕਿਆਂ ਬਾਅਦ ਰਾਮਲੀਲਾ ਮੁੜ ਸ਼ੁਰੂ ਹੋ ਗਈ ਹੈ। ਇਹੀ ਮੰਡਲੀ ਦੇ ਉਸਤਾਦ ਜੀ 25 ਸਾਲ ਪਹਿਲਾਂ ਹਰ ਸਾਲ ਪਿੰਡ ਵਿਚ ਰਾਮਲੀਲਾ ਕਰਨ ਆਉਂਦੇ ਸਨ ਪਰੰਤੂ ਕੁਝ ਸ਼ੋਰ ਸ਼ਰਾਬੇ ਕਾਰਨ ਇਹ ਰਾਮਲੀਲਾ 25 ਸਾਲ ਤੋਂ ਬੰਦ ਪਈ ਸੀ। ਮੰਡਲੀ ਵਿਚ ਪਿੰਡ ਦੀ ਪੰਚਾਇਤ ਅਤੇ ਜੈ ਮਾਂ ਦੁਰਗਾ ਮੰਡਲੀ ਦੀਆਂ ਬੀਬੀਆਂ ਨਾਲ ਰਾਇ ਮਸ਼ਵਰਾ ਕਰਕੇ ਦੁਬਾਰਾ ਇਹ ਰਾਮਲੀਲਾ ਸ਼ੁਰੂ ਕੀਤੀ ਗਈ ਜਿਸ ਵਿਚ ਉਸ ਸਮੇਂ ਦੇ ਛੋਟੇ ਕਲਾਕਾਰਾਂ ਵਲੋਂ ਅੱਜ ਵੱਡੀਆਂ ਭੂਮਿਕਾਵਾਂ ਨਿਭਾਈਆਂ ਜਾ ਰਹੀਆਂ ਹਨ। ਪਹਿਲੇ ਨਰਾਤੇ ਵਾਲੀ ਰਾਮਲੀਲਾ ਦਾ ਉਦਘਾਟਨ ਪਿੰਡ ਦੀ ਪੰਚਾਇਤ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਰਾਮ ਲੀਲਾ ਸ਼ੁਰੂ ਕਰਨ ਤੋਂ ਪਹਿਲਾਂ ਜੈ ਮਾਂ ਦੁਰਗਾ ਮੰਡਲੀ ਦੀਆਂ ਬੀਬੀਆਂ ਵਲੋਂ ਰਾਮ ਲੀਲਾ ਕਰਨ ਵਾਲੇ ਸਾਰੇ ਕਲਾਕਾਰਾਂ ਦਾ ਸਵਾਗਤ ਕੀਤਾ ਗਿਆ। ਹੁਣ ਤੱਕ ਭਗਵਾਨ ਰਾਮ ਚੰਦਰ ਦੇ ਜਨਮ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਝਲਕੀਆਂ ਅਤੇ ਸ਼੍ਰੀ ਰਮਾਇਣ ਬਾਰੇ ਲੋਕਾਂ ਨੂੰ ਭਰਪੂਰ ਜਾਣਕਾਰੀ ਦਿੱਤੀ ਜਾ ਰਹੀ ਹੈ। ਰਾਮ ਲੀਲਾ ਦੇਖਣ ਲਈ ਹਰ ਵਰਗ ਦੇ ਲੋਕ ਹੁੰਮ ਹੁੰਮਾ ਕੇ ਪਹੁੰਚਦੇ ਹਨ।