ਰਾਸ਼ਟ੍ਰੀਯ ਸਵਯੰਸੇਵਕ ਸੰਘ ਨੇ ਆਪਣਾ 100 ਵਾਂ ਸਥਾਪਨਾ ਦਿਵਸ ਮਨਾਇਆ
ਸਮੂਚੀ ਮਨੁੱਖਤਾ ਲਈ ਪ੍ਰੇਰਣਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ : ਸ਼ਾਮਵੀਰ
ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਅਧਰਮ ਉੱਤੇ ਧਰਮ ਦੀ ਜਿੱਤ ਦੇ ਤਿਉਹਾਰ ਵਿਜੈਦਸ਼ਮੀ ਵਾਲੇ ਦਿਨ ਰਾਸ਼ਟ੍ਰੀਯ ਸਵਯੰਸੇਵਕ ਸੰਘ ਨੇ ਆਪਣਾ 100ਵਾਂ ਸਥਾਪਨਾ ਦਿਵਸ ਮਨਾਇਆ। ਅੱਜ ਦੇ ਦਿਨ 1925 ਨੂੰ ਡਾ. ਕੇਸ਼ਵ ਬਲਿਰਾਮ ਹੇਡਗੇਵਾਰ ਨੇ ਕੁਝ ਬੱਚਿਆਂ ਨੂੰ ਨਾਲ ਲੈ ਕੇ ਸੰਘ ਦੀ ਸਥਾਪਨਾ ਕੀਤੀ ਸੀ ਅਤੇ ਅੱਜ ਇਹ ਦੁਨੀਆ ਦਾ ਸਭ ਤੋਂ ਵੱਡਾ ਗੈਰ-ਸਰਕਾਰੀ ਸੰਗਠਨ ਬਣ ਚੁਕਿਆ ਹੈ। ਇਸ ਮੌਕੇ ’ਤੇ ਪੂਰੇ ਦੇਸ਼ ਅੰਦਰ ਵੱਖ-ਵੱਖ ਥਾਵਾਂ ਉੱਤੇ ਸਮਾਰੋਹ ਆਯੋਜਿਤ ਹੋਏ, ਆਪਣੇ ਸ਼ਹਿਰ ਦੁਰਗਾ ਮਾਤਾ ਮੰਦਰ ਦੇ ਪ੍ਰਾਂਗਣ ਵਿੱਚ ਕਰਵਾਏ ਗਏ ਸਮਾਰੋਹ ਦੇ ਪ੍ਰਧਾਨ ਰਾਸ਼ਟ੍ਰੀਯ ਸਵਯੰਸੇਵਕ ਸੰਘ ਦੇ ਅਧਿਕਾਰੀ ਡਾ. ਜਿਤਿਨ ਕੁਮਾਰ (ਖੰਡ ਸੰਗ ਚਾਲਕ), ਮੁੱਖ ਬੁਲਾਰੇ ਸ਼੍ਰੀ ਸ਼ਾਮਵੀਰ (ਪਟਿਆਲਾ ਵਿਭਾਗ ਪ੍ਰਚਾਰਕ), ਅਤੇ ਮੁੱਖ ਮਹਿਮਾਨ ਬਾਬਾ ਬਲਜੀਤ ਪੁਰੀ ਤੇ ਵਿਸ਼ੇਸ਼ ਮਹਿਮਾਨ ਨਾਰਾਇਣ ਸਚਦੇਵਾ ਨੇ ਸ਼ਸਤਰ ਪੂਜਨ ਕੀਤਾ। ਇਸ ਮੌਕੇ ਇਲਾਕੇ ਦੇ ਅਨੇਕ ਪਤਵੰਤੇ ਸੱਜਣ-ਭੈਣਾ ਤੇ ਸਵਯੰਸੇਵਕ ਮੌਜੂਦ ਸਨ। ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਸ਼੍ਰੀ ਸ਼ਾਮਵੀਰ ਨੇ ਕਿਹਾ ਕਿ ‘ਸਵ’ ਬੋਧ, ਪਰਿਆਵਰਣ ਸੰਰਖਣ, ਨਾਗਰਿਕ ਕਰਤੱਵਾਂ ਦੀ ਪਾਲਣਾ, ਸਮਰਸਤਾ ਅਤੇ ਆਦਰਸ਼ ਪਰਿਵਾਰ ਪ੍ਰਣਾਲੀ ਰਾਹੀਂ ਹੀ ਭਾਰਤ ਦਾ ਸਮੂਚਾ ਵਿਕਾਸ ਸੰਭਵ ਹੈ। ਉਹਨਾਂ ਕਿਹਾ ਕਿ ਕਿਸੇ ਵੀ ਰਾਸ਼ਟਰ ਦੇ ਨਿਰਮਾਣ ਤੇ ਉੱਥਾਨ ਲਈ ਉੱਥੇ ਦੇ ਨਾਗਰਿਕਾਂ ਨੂੰ ਚਰਿੱਤਰਵਾਨ ਤੇ ਦੇਸ਼ ਭਗਤੀ ਦੇ ਗੁਣਾਂ ਤੋਂ ਸੰਪਨ ਹੋਣਾ ਜਰੂਰੀ ਹੈ। ਕਈ ਵਾਰੀ ਚਰਿੱਤਰ ਦੇ ਬਿਨਾ ਸਿੱਖਿਆ ਅਤੇ ਗਿਆਨ ਵੀ ਘਾਤਕ ਬਣ ਜਾਂਦਾ ਹੈ। ਉਹਨਾਂ ਕਿਹਾ ਕਿ ਸੰਘ ਚਰਿੱਤਰ ਨਿਰਮਾਣ ਤੋਂ ਰਾਸ਼ਟਰ ਨਿਰਮਾਣ ਦੀ ਕਾਰਜਪੱਧਤੀ ਰਾਹੀ ਰਾਸ਼ਟਰ ਦੇ ਪਰਮਵੈਭਵ ਲਈ ਕੰਮ ਕਰ ਰਿਹਾ ਹੈ। ਸ਼੍ਰੀ ਗੁਰੂ ਤੇਗਬਹਾਦਰ ਜੀ ਦੇ 350ਵੇਂ ਬਲੀਦਾਨ ਦਿਵਸ ਦੀਆਂ ਪਵਿੱਤਰ ਭਾਵਨਾਵਾਂ ਨੂੁੰ ਮੁੱਖ ਰਖਦਿਆਂ ਸੰਘ ਅਧਿਕਾਰੀ ਡਾ. ਜਿਤਿਨ ਕੁਮਾਰ ਨੇ ਕਿਹਾ ਕਿ ਗੁਰੂ ਜੀ ਨੇ ਆਪਣੇ ਜੀਵਨ ਦਾ ਬਲੀਦਾਨ ਦੇ ਕੇ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਰੱਖਿਆ ਦਾ ਸੁਨੇਹਾ ਦਿੱਤਾ। ਉਹਨਾਂ ਇਹ ਵੀ ਸਿਖਾਇਆ ਕਿ ਦੁਨੀਆ ਦਾ ਹਰ ਧਰਮ ਸਨਮਾਨਤ ਹੈ ਅਤੇ ਕਿਸੇ ਨੂੰ ਧਰਮ ਦੇ ਅਧਾਰ ਉੱਤੇ ਦੂਸਰਿਆਂ ਉੱਪਰ ਅੱਤਿਆਚਾਰ ਕਰਨ ਅਤੇ ਕਿਸੇ ਨੂੰ ਧਰਮ ਬਦਲੀ ਲਈ ਮਜਬੂਰ ਕਰਨ ਦਾ ਅਧਿਕਾਰ ਨਹੀਂ ਹੈ। ਗੁਰੂਜੀ ਨੇ ਇਹ ਵੀ ਸੁਨੇਹਾ ਦਿੱਤਾ ਕਿ ਆਪਣੇ ਧਰਮ ਦੀ ਰੱਖਿਆ ਲਈ ਜੇਕਰ ਮਨੁੱਖ ਨੂੰ ਆਪਣੇ ਜੀਵਨ ਦਾ ਵੀ ਬਲੀਦਾਨ ਕਰਨਾ ਪਵੇ ਤਾਂ ਉਸਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਆਪਣੇ ਸੰਬੋਧਨ ਦੌਰਾਨ ਸੰਘ ਵੱਲੋਂ ਦਿੱਤੇ ਗਏ ਪੰਜ ਪਰਿਵਰਤਨਾਂ ਦੇ ਸੱਦੇ ਦਾ ਜਿਕਰ ਕਰਦਿਆਂ ਸੰਘ ਅਧਿਕਾਰੀ ਨੇ ਕਿਹਾ ਕਿ ‘ਸਵ’ ਦੇ ਬੋਧ, ਪਰਿਆਵਰਣ ਸੰਰਖਣ, ਨਾਗਰਿਕ ਕਰਤੱਵਾਂ ਦੀ ਪਾਲਣਾ, ਸਮਰਸਤਾ ਅਤੇ ਆਦਰਸ਼ ਪਰਿਵਾਰ ਪ੍ਰਣਾਲੀ ਦੇ ਰਾਹ ਉੱਤੇ ਚਲਦਿਆਂ ਭਾਰਤ ਆਪਣਾ ਸਰਵਪੱਖੀ ਵਿਕਾਸ ਕਰ ਸਕਦਾ ਹੈ। ਸੰਘ ਦਾ ਮੰਨਣਾ ਹੈ ਕਿ ਇਕ ਸ਼ਕਤੀਸ਼ਾਲੀ, ਸੱਭਿਅਕ ਅਤੇ ਹਰ ਖੇਤਰ ਵਿੱਚ ਪ੍ਰਗਤੀਸ਼ੀਲ ਰਾਸ਼ਟਰ ਲਈ ਸਮਾਜਕ ਸਮਰਸਤਾ ਜਰੂਰੀ ਅੰਗ ਹੈ। ਜਾਤੀ, ਧਰਮ, ਖਾਨਦਾਨ ਅਤੇ ਲੈਂਗਿਕ ਅਧਾਰ ’ਤੇ ਵੰਡਿਆ ਰਾਸ਼ਟਰ ਕਦੇ ਵੀ ਆਪਣੀ ਏਕਤਾ-ਅਖੰਡਤਾ ਤੇ ਸੁਰੱਖਿਆ ਕਾਇਮ ਨਹੀਂ ਰੱਖ ਸਕਦਾ। ਸੰਘ ਪਰਿਵਾਰ ਨੂੰ ਭਾਰਤੀ ਸੰਸਕ੍ਰਿਤੀ, ਕਦਰਾਂ ਕੀਮਤਾਂ, ਆਦਰਸ਼ਾਂ ਅਤੇ ਸੰਸਕਾਰਾਂ ਦੀ ਅਧਾਰਸ਼ਿਲਾ ਮੰਣਦਾ ਹੈ। ਪੱਛਮੀ ਸੰਸਕ੍ਰਿਤੀ ਦੇ ਪ੍ਰਭਾਵ ਅਤੇ ਅਧੁਨੀਕ ਜੀਵਨ ਸ਼ੈਲੀ ਦੇ ਦਬਾਅ ਦੇ ਕਾਰਨ ਪਰੰਪਰਾਗਤ ਪਰਿਵਾਰਿਕ ਮੁੱਲਾਂ ਦਾ ਪਤਨ ਹੋ ਰਿਹਾ ਹੈ। ਪਰਿਵਾਰ ਪ੍ਰਬੋਧਨ ਰਾਹੀਂ ਆਪਾਂ ਆਪਣੇ ਪਰਿਵਾਰਾਂ ਨੂੰ ਭਾਰਤੀ ਸੰਸਕ੍ਰਿਤੀ, ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਪ੍ਰਤੀ ਸਜਗ ਕਰਦੇ ਹਾਂ। ਉਹਨਾਂ ਕਿਹਾ ਕਿ ਪਰਿਆਵਰਣ ਸੰਰਖਣ ਮੌਜੂਦਾ ਸਮੇਂ ਦੀ ਬਹੁਤ ਵੱਡੀ ਚੁਣੌਤੀ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਲਈ ਪਰਿਆਵਰਣ ਪੱਖੀ ਜੀਵਨ ਸ਼ੈਲੀ ਅਪਨਾਉਣੀ ਜਰੂਰੀ ਹੈ। ਆਪਣੇ ਸੰਬੋਧਨ ਦੌਰਾਨ ਸੰਘ ਅਧਿਕਾਰੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਆਰਥਿਕ ਆਤਮਨਿਰਭਰਤਾ ਬੇਹੱਦ ਜਰੂਰੀ ਹੈ। ਉਪਭੋਕਤਾਵਾਦੀ ਸੱਭਿਆਚਾਰ ਅਤੇ ਜਰੂਰਤ ਤੋਂ ਜਿਆਦਾ ਆਯਾਤ ਸਾਡੇ ਅਰਥਚਾਰੇ ਲਈ ਖਤਰਨਾਕ ਹੈ। ਭਾਰਤੀ ਉਤਪਾਦਾਂ ਅਤੇ ਸਥਾਨਕ ਕੰਮ ਧੰਧਿਆਂ ਨੂੰ ਅਪਨਾਉਣ ਅਤੇ ਇਹਨਾ ਦਾ ਵਿਕਾਸ ਕਰਨ ਵਿੱਚ ਹੀ ਆਪਣੇ ਸਮਾਜ ਅਤੇ ਦੇਸ਼ ਦੀ ਭਲਾਈ ਹੈ। ਨਾਗਰਿਕ ਕਰਤੱਵਾਂ ਬਾਰੇ ਬੋਲਦਿਆਂ ਸੰਘ ਅਧਿਕਾਰੀ ਨੇ ਕਿਹਾ ਕਿ ਗਿਆਨਵਾਨ ਅਤੇ ਉਂਨਤਸ਼ੀਲ ਲੋਕਤਾਂਤਰਿਕ ਰਾਸ਼ਟਰ ਲਈ ਉਸਦੇ ਨਾਗਰਿਕਾਂ ਦਾ ਆਪਣੇ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਫਰਜਾਂ ਨੂੰ ਲੈ ਕੇ ਵੀ ਜਾਗਰੂਕ ਅਤੇ ਜਿੰਮੇਵਾਰ ਹੋਣਾ ਬੇਹੱਦ ਜ਼ਰੂਰੀ ਹੈ। ਨਾਗਰਿਕ ਕਰਤਵਾਂ ਦੇ ਤਹਿਤ ਮਤਦਾਨ ਕਰਨਾ, ਇਮਾਨਦਾਰੀ ਨਾਲ ਕਰਾਂ ਦਾ ਭੁਗਤਾਨ ਕਰਨਾ, ਸਾਰਵਜਨਿਕ ਸੰਪਤੀ ਦੀ ਰੱਖਿਆ, ਕਾਨੂੰਨਾਂ ਦੀ ਪਾਲਣਾ ਅਤੇ ਸਮਾਜਕ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸੇਦਾਰੀ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਹਨਾਂ ਪੰਜ ਪਰਿਵਰਤਨਾਂ ਨੂੰ ਲੈ ਕੇ ਹੀ ਸੰਘ ਦੇਸ਼ ਦੇ ਨਾਗਰਿਕਾਂ ਕੋਲ ਜਾ ਰਿਹਾ ਹੈ। ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਸ਼੍ਰੀ ਨਾਰਾਇਣ ਸਚਦੇਵਾ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਪਣੇ ਸਦਕਰਮਾਂ ਤੇ ਸਕਾਰਾਤਮਕ ਕਾਰਜ ਪੱਧਤੀ ਦੇ ਚਲਦਿਆਂ ਹੀ ਸੰਘ ਆਪਣੇ ਜੀਵਨ ਦੇ 100 ਸਾਲਾਂ ਵਿੱਚ ਦੇਸ਼ ਭਗਤੀ, ਆਪਸੀ ਭਾਈਚਾਰੇ ਅਤੇ ਸੇਵਾ ਆਦਿ ਗੁਣਾਂ ਦਾ ਦੂਸਰਾ ਨਾਮ ਬਣ ਗਿਆ ਹੈ। ਉਹਨਾਂ ਕਿਹਾ ਕਿ ਦੇਸ਼ ਸਾਹਮਣੇ ਜਦੋਂ ਵੀ ਕੋਈ ਸੰਕਟ ਆਇਆ ਹੈ ਤਾਂ ਸੰਘ ਦੇ ਸਵਯੰਸੇਵਕ ਅੱਗੇ ਆ ਕੇ ਆਪਣੀ ਰਾਸ਼ਟਰੀ ਜਿੰਮੇਵਾਰੀ ਨਿਭਾਉਂਦੇ ਰਹੇ ਹਨ। ਇਸ ਮੌਕੇ ਉੱਤੇ ਸਵਯੰਸੇਵਕਾਂ ਨੇ ਪਥ ਸੰਚਲਨ ਵੀ ਕੀਤਾ।