ਹੁੱਡਾ ਦਾ ਮੰਨਣਾ, ਕਰਜ਼ 'ਚ ਡੁੱਬਿਆ ਹੈ ਹਰਿਆਣਾ
ਹਰਿਆਣਾ 'ਚ ਹਰ ਵਿਅਕਤੀ 'ਤੇ 60 ਹਜ਼ਾਰ ਰੁਪਏ ਕਰਜ਼ ਹੈ।
ਰੋਹਤਕ— ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਦੀ ਵਿੱਤੀ ਸਥਿਤੀ ਨੂੰ ਲੈ ਕੇ ਪ੍ਰਦੇਸ਼ ਸਰਕਾਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ ਵਿੱਤੀ ਸੰਕਟ ਵੱਲ ਵਧ ਰਿਹਾ ਹੈ। ਹਰਿਆਣਾ 'ਤੇ ਮੌਜੂਦਾ ਸਮੇਂ 'ਚ ਕਰਜ਼ ਵਧ ਕੇ ਇਕ ਲੱਖ 61 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ। ਹਰਿਆਣਾ 'ਚ ਹਰ ਵਿਅਕਤੀ 'ਤੇ 60 ਹਜ਼ਾਰ ਰੁਪਏ ਕਰਜ਼ ਹੈ। ਹੁੱਡਾ ਸ਼ੁੱਕਰਵਾਰ ਨੂੰ ਰੋਹਤਕ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਪ੍ਰਦੇਸ਼ ਨੂੰ ਕਰਜ਼ 'ਚ ਡੁਬਾਉਣ ਦਾ ਕੰਮ ਕੀਤਾ ਹੈ। ਸਰਕਾਰ ਕੋਲ ਹੁਣ ਵਿਕਾਸ ਲਈ ਪੈਸਾ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2014 'ਚ ਹਰਿਆਣਾ 'ਤੇ ਕਰਜ਼ ਕਰੀਬ 60 ਹਜ਼ਾਰ ਕਰੋੜ ਰੁਪਏ ਸੀ, ਜੋ 4 ਸਾਲਾਂ 'ਚ ਹੀ ਵਧ ਕੇ ਦੁੱਗਣੇ ਤੋਂ ਵਧ ਹੋ ਗਿਆ ਹੈ। ਭਾਜਪਾ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ 'ਚ ਕਿਸੇ ਵੀ ਤਰ੍ਹਾਂ ਦੀ ਵਿਕਾਸ ਦੀ ਕੋਈ ਯੋਜਨਾ ਨਹੀਂ ਬਣਾਈ। ਇੱਥੇ ਤੱਕ ਕਿ ਸਰਕਾਰ ਨੇ 7ਵੇਂ ਤਨਖਾਹ ਕਮਿਸ਼ਨ ਨੂੰ ਵੀ ਹੁਣ ਤੱਕ ਲਾਗੂ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਲੋਕਾਂ ਨੂੰ ਮੁਆਫ਼ੀ ਮੰਗ ਕੇ ਗੱਦੀ ਛੱਡ ਦੇਣੀ ਚਾਹੀਦੀ ਹੈ। ਉੱਥੇ ਹੀ ਉਨ੍ਹਾਂ ਨੇ ਭਾਜਪਾ ਸਰਕਾਰ 'ਤੇ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਵਿਰੋਧ ਕਰਨ ਵਾਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਸਰਕਾਰ ਪੂਰਨ ਰੂਪ ਨਾਲ ਅਸਫ਼ਲ ਹੈ ਅਤੇ ਲੋਕ ਹੁਣ ਇਸ ਇੰਤਜ਼ਾਰ 'ਚ ਹਨ ਕਿ ਕਦੋਂ ਚੋਣਾਂ ਹੋਣ।
ਭੂਪਿੰਦਰ ਸਿੰਘ ਹੁੱਡਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਐੱਸ.ਵਾਈ.ਐੱਲ. ਦੇ ਮੁੱਦੇ 'ਤੇ ਕੇਜਰੀਵਾਲ ਨੂੰ ਹਰਿਆਣਾ ਦੀ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਪੰਜਾਬ 'ਚ ਚੋਣਾਂ ਦੌਰਾਨ ਕੇਜਰੀਵਾਲ ਨੇ ਐੱਸ.ਵਾਈ.ਐੱਲ. ਨੂੰ ਲੈ ਕੇ ਹਰਿਆਣਾ ਦੇ ਖਿਲਾਫ ਬਿਆਨ ਦਿੱਤਾ ਸੀ। ਹੁਣ ਉਹ ਕਿਸ ਮੂੰਹ ਨਾਲ ਹਰਿਆਣਾ ਦਾ ਰੁਖ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਤਾਂ ਮੁਆਫ਼ੀ ਦੀ ਆਦਤ ਪੈ ਚੁਕੀ ਹੈ, ਚੰਗਾ ਹੋਵੇ ਕਿ ਉਹ ਹਰਿਆਣਾ ਨੂੰ ਹੀ ਮੁਆਫ਼ ਕਰਨ। ਹੁੱਡਾ ਨੇ ਇਹ ਵੀ ਦੱਸਿਆ ਕਿ ਉਹ ਮਈ ਮਹੀਨੇ ਪਾਨੀਪਤ 'ਚ ਆਪਣੀ ਯਾਤਰਾ ਦੀ ਸ਼ੁਰੂਆਤ ਕਰਨਗੇ।