ਛਾਤੀ ਦਾ ਕੈਂਸਰ ਤੇ ਬ੍ਰੈਸਟ ਇੰਪਲਾਂਟ
ਬ੍ਰੈਸਟ ਵਿੱਚ ਬਣਨ ਵਾਲੀਆਂ ਗਿਲਟੀਆਂ ਵਿਚੋਂ 15 ਤੋਂ 20 ਫ਼ੀਸਦੀ ਕੈਂਸਰ ਦੀਆਂ ਹੁੰਦੀਆਂ ਹਨ। ਕੈਂਸਰ ਬਾਰੇ ਜੇ ਸ਼ੁਰੂ ਵਿੱਚ ਪਤਾ ਲੱਗ ਜਾਵੇ ਤਾਂ ਇਸ ਦਾ ਸੰਪੂਰਨ ਇਲਾਜ ਸੰਭਵ ਹੈ। ਇਸ ਵਿੱਚ ਜੇ ਕੋਈ ਗੰਢ ਜਿਹੀ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਕੋਲੋਂ ਮੁਆਇਨਾ ਕਰਾਉਣਾ ਚਾਹੀਦਾ ਹੈ। ਇਸ ਸਬੰਧੀ ਵਰਤਿਆ ਘਰੇਲੂ ਨੁਸਖਾ ਜਾਂ ਓੜ੍ਹ-ਪੋੜ੍ਹ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਸ਼ੱਕ ਪੈਣ ‘ਤੇ ਡਾਕਟਰੀ ਮੁਆਇਨਾ ਜਾਂ ਹੋਰ ਨਿਰੀਖਣ ਕਰਵਾਏ ਜਾ ਸਕਦੇ ਹਨ ਜਿਨ੍ਹਾਂ ਵਿੱਚੋਂ ਬਾਰੀਕ ਸੂਈ ਵਾਲਾ ਟੈਸਟ (ਫਾਈਨ ਨੀਡਲ ਐਸਪੀਰੇਸ਼ਨ ਸਾਇਟਾਲੋਜੀ) ਅਹਿਮ ਜਾਂਚ ਹੈ।
ਔਰਤ ਦੀ ਸੁਡੌਲ ਬ੍ਰੈਸਟ ਉਸ ਦੇ ਸੁਹਪੱਣ ਤੇ ਇਸਤਰੀਅਤਾ ਦਾ ਅਹਿਮ ਅੰਗ ਹੁੰਦੀ ਹੈ। ਕਿਸੇ ਰੋਗ ਕਾਰਨ ਇਸ ਦਾ ਆਪ੍ਰੇਸ਼ਨ ਕਰਾਉਣਾ ਜਾਂ ਇਸ ਅੰਗ ਤੋਂ ਵਾਂਝੇ ਹੋਣ ਦਾ ਖ਼ਦਸ਼ਾ ਔਰਤ ਦੇ ਸਰੀਰਕ ਅਤੇ ਮਾਨਸਿਕ ਸੰਤੁਲਨ ਨੂੰ ਖ਼ਰਾਬ ਕਰ ਦਿੰਦਾ ਹੈ। ਔਰਤਾਂ ਦੀ ਬ੍ਰੈਸਟ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਸੌਲੀ ਹੋ ਜਾਵੇ ਤਾਂ ਉਸ ਬਾਰੇ ਫਿਕਰਮੰਦ ਹੋਣਾ ਸੁਭਾਵਕ ਹੈ, ਪਰ ਵੱਖ-ਵੱਖ ਅਧਿਐਨਾਂ ਮੁਤਾਬਕ ਬ੍ਰੈਸਟ ਦੀਆਂ 80 ਤੋਂ 95 ਫ਼ੀਸਦੀ ਰਸੌਲੀਆਂ ਕੈਂਸਰ ਨਹੀ ਹੁੰਦੀਆਂ। ਮੁੱਢਲੀ ਸਟੇਜ ‘ਤੇ ਗਿਲ੍ਹਟੀਆਂ ਦਾ ਔਰਤ ਆਪ ਬ੍ਰੈਸਟ ਦਾ ਮੁਆਇਨਾ ਕਰ ਕੇ ਪਤਾ ਲਾ ਸਕਦੀ ਹੈ।
ਕੈਂਸਰ ਹੋ ਜਾਵੇ ਤਾਂ ਇਲਾਜ ਵਜੋਂ ਮੈਸਟੈਕਟਮੀ (ਬ੍ਰੈਸਟ ਰਿਮੂਵ) ਕਰਨੀ ਪੈਂਦੀ ਹੈ। ਇਲਾਜ ਦੀਆਂ ਆਧੁਨਿਕ ਵਿਧੀਆਂ (ਸਰਜਰੀ, ਕਿਰਣ ਉਪਚਾਰ ਤੇ ਕੀਮੋਥੈਰੇਪੀ) ਤੋਂ ਬਾਅਦ ਔਰਤਾਂ ਬਿਲਕੁਲ ਤੰਦਰੁਸਤ ਹੋ ਜਾਂਦੀਆਂ ਤੇ ਆਪਣੇ ਰੋਜ਼-ਮੱਰ੍ਹਾ ਦੇ ਕੰਮ ਕਰਨ ਲੱਗ ਪੈਂਦੀਅਂ ਹਨ। ਵਿਗਿਆਨਿਕ ਵਿਧੀਆਂ ਰਾਹੀਂ ਬਣੀਆਂ ਹੋਈਆਂ ਨਕਲੀ ਬ੍ਰੈਸਟ ਮਾਰਕੀਟ ਵਿੱਚ ਉਪਲੱਬਧ ਹਨ। ਇਨ੍ਹਾਂ ਨਾਲ ਔਰਤ ਦੀ ਸਖ਼ਸ਼ੀਅਤ ਵੀ ਆਕਰਸ਼ਕ ਰਹਿੰਦੀ ਹੈ ਤੇ ਕੋਈ ਹੀਣ-ਭਾਵਨਾ ਵੀ ਨਹੀਂ ਆਉਂਦੀ।
ਪਲਾਸਟਿਕ ਅਤੇ ਕਾਸਮੈਟਿਕ ਸਰਜਨ ਆਪ੍ਰੇਸ਼ਨ ਨਾਲ ਬ੍ਰੈਸਟ ਦਾ ਆਕਾਰ, ਬਣਤਰ, ਟੈਕਸਚਰ ਆਦਿ ਠੀਕ ਕਰ ਦਿੰਦੇ ਹਨ। ਕਈ ਵਾਰ ਇਹ ਕੰਮ ਕਈ ਪੜਾਵਾਂ ਵਿੱਚ ਕਰਨਾ ਪੈਂਦਾ ਹੈ। ਬਾਹਰਲਾ ਇੰਪਲਾਂਟ ਨਾ ਵਰਤਣਾ ਹੋਵੇ ਤਾਂ ਆਪ੍ਰੇਸ਼ਨ ਦੌਰਾਨ ਔਰਤ ਦੇ ਸਰੀਰ ਵਿੱਚੋਂ ਹੀ ਕੁਝ ਚਰਬੀ ਲੈ ਕੇ ਬ੍ਰੈਸਟ ਵਾਲੀ ਜਗ੍ਹਾ ‘ਤੇ, ਚਮੜੀ ਦੇ ਹੇਠਾਂ ਫਿੱਟ ਕਰ ਦਿੱਤੀ ਜਾਂਦੀ ਹੈ। ਜੇ ਇਕ ਪਾਸਾ ਠੀਕ ਕਰਨਾ ਹੋਵੇ ਤਾਂ ਨਾਰਮਲ ਪਾਸੇ ਦੇ ਆਕਾਰ ਮੁਤਾਬਕ ਦੂਜਾ ਪਾਸਾ ਬਣਾਇਆ ਜਾਂਦਾ ਹੈ।
ਜਮਾਂਦਰੂ ਨੁਕਸਾਂ ਕਾਰਨ ਕੁੜੀਆਂ ਦੀ ਬ੍ਰੈਸਟ ਵਿਕਸਿਤ ਨਾ ਹੋਣ ਜਾਂ ਆਕਰਸ਼ਿਤ ਬਣਾਉਣ ਜਾਂ ਕੈਂਸਰ ਵਾਲੇ ਆਪ੍ਰੇਸ਼ਨ ਤੋਂ ਬਾਅਦ ਬ੍ਰੈਸਟ ਰਿਵੂਮ ਕੀਤੇ ਹੋਣ ਦੀ ਸੂਰਤ ਵਿੱਚ ਕਈ ਤਰ੍ਹਾਂ ਦੇ ਇੰਪਲਾਂਟ ਲਾਏ ਜਾਂਦੇ ਹਨ। ਇਹ ਤਿੰਨ ਕਿਸਮ ਦੇ ਹੁੰਦੇ ਹਨ- ਸੇਲਾਇਨ ਸੋਲੂਸ਼ਨ (ਨਮਕੀਨ ਪਾਣੀ ਦੇ ਘੋਲ ਵਾਲਾ ਇੰਪਲਾਂਟ), ਸਿਲੀਕੋਨ ਜੈੱਲ ਤੇ ਕੰਪੋਜ਼ਿਟ ਫਿਲਟਰ। ਕਈ ਮਰਦਾਂ ਦੀ ਵੀ ਛਾਤੀ ਅਸਾਧਾਰਨ ਵਧ ਜਾਂਦੀ ਹੈ। ਇਸ ਨੂੰ ਗਾਇਨੇਕੋਮੈਸਟੀਆ ਕਿਹਾ ਜਾਂਦਾ ਹੈ। ਮਰਦਾਂ ਦੀ ਛਾਤੀ ਠੀਕ ਕਰਨ ਲਈ ਇਸ ਤਰ੍ਹਾਂ ਦੀ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਲੜਕੀਆਂ ਦੀ ਬ੍ਰੈਸਟ 20 ਸਾਲ ਦੀ ਉਮਰ ਤਕ ਵਿਕਸਿਤ ਹੁੰਦੀ ਰਹਿੰਦੀ ਹੈ, ਜੋ ਗਰਭ ਦੌਰਾਨ ਅਤੇ ਦੁੱਧ ਚੁੰਘਾਉਣ ਵੇਲੇ ਹੋਰ ਵੀ ਵਧਦੀ ਹੈ। ਇਸ ਲਈ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਐਕਟ (ਐੱਫਡੀਏ) ਮੁਤਾਬਕ ਸਿਲੀਕੋਨ ਇੰਪਲਾਂਟ ਵਾਸਤੇ ਲੜਕੀ/ਔਰਤ ਦੀ ਉਮਰ ਘੱਟ ਤੋਂ ਘੱਟ 22 ਸਾਲ ਅਤੇ ਨਮਕੀਨ ਪਾਣੀ ਦੇ ਇੰਪਲਾਂਟ ਵਾਸਤੇ ਘੱਟ ਤੋਂ ਘੱਟ 22 ਸਾਲ ਹੋਣੀ ਚਾਹੀਦੀ ਹੈ। ਨਮਕੀਨ ਪਾਣੀ ਵਾਲਾ ਇੰਪਲਾਂਟ 350 ਮਿਲੀ ਲੀਟਰ ਨਾਲ ਨਾਲ ਭਰਿਆ ਹੋਇਆ ਨਰਮ ਤੇ ਗੋਲ ਆਕਾਰ ਦਾ ਇੱਕ ਕੈਪਸੂਲ ਹੁੰਦਾ ਹੈ। ਜਨਰਲ ਐਨਾਸਥੀਜ਼ੀਆ ਅਧੀਨ (ਪੂਰਾ ਬੇਹੋਸ਼ ਕਰਕੇ) ਨਿੱਪਲ ਦੇ ਦੁਆਲੇ ਜਾਂ ਬ੍ਰੈਸਟ ਦੇ ਹੇਠਾਂ ਛੋਟੀ ਜਿਹੀ ਮੋਰੀ ਕੱਢ ਕੇ ਪਹਿਲਾਂ ਅੰਦਰ ਜਗ੍ਹਾ ਬਣਾ ਲਈ ਜਾਂਦੀ ਹੈ ਤੇ ਤੇ ਬਾਅਦ ਵਿੱਚ ਇਸ ਮੋਰੀ ਰਾਹੀਂ ਇੰਪਲਾਂਟ ਨੂੰ ਧੱਕ ਕੇ ਅੰਦਰ ਫਿਟ ਕਰ ਦਿਤਾ ਜਾਂਦਾ ਹੈ। ਇਸ ਨਾਲ ਬ੍ਰੈਸਟ ਦਾ ਆਕਾਰ ਵਧ ਜਾਂਦਾ ਹੈ ਤੇ ਬਣਤਰ ਆਕਰਸ਼ਿਕ ਹੋ ਜਾਂਦੀ ਹੈ। ਚਮੜੀ ‘ਚ ਬਣਾਈ ਹੋਈ ਮੋਰੀ ਨੂੰ ਤਹਿਆਂ ਵਿੱਚ ਸੀਓਂ ਕੇ ਬੰਦ ਕਰ ਦਿਤਾ ਜਾਦਾ ਹੈ। ਇਸ ਪੂਰੇ ਆਪ੍ਰੇਸ਼ਨ ਨੂੰ ਇਕ ਤੋਂ ਦੋ ਘੰਟੇ ਲੱਗਦੇ ਹਨ। ਬ੍ਰੈਸਟ ਦਾ ਆਕਾਰ ਵੱਡਾ ਕਰਨ ਤੇ ਇਸ ਨੂੰ ਆਕਰਸ਼ਿਤ ਬਣਾਉਣ ਵਾਲੇ ਸਰਜਨ ਦੁਨੀਆਂ ਦੇ ਸਭ ਸ਼ਹਿਰਾਂ ਵਿੱਚ ਮੌਜੂਦ ਹਨ। ਭਾਰਤ ਵਿੱਚ ਦਿੱਲੀ, ਮੁੰਬਈ, ਚੇਨੱਈ, ਕਲਕੱਤਾ ਤੇ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਵੀ ਉਪਲੱਬਧ ਹਨ।