ਲੱਖਾਂ ਡਾਲਰ ਦੇ ਕਾਰ ਬੀਮਾ ਘਪਲੇ ਦਾ ਪਰਦਾਫਾਸ਼, ਕਾਰਾਂ ਦੀ ਮੁਰੰਮਤ ਵੇਲੇ ਰਹੋ ਸਾਵਧਾਨ
ਟੋਰਾਂਟੋ— ਓਨਟਾਰੀਓ 'ਚ ਲੱਖਾਂ ਡਾਲਰ ਦੇ ਕਾਰ ਬੀਮਾ ਘਪਲੇ ਦਾ ਪਰਦਾਫਾਸ਼ ਕਰਦਿਆਂ ਜਾਂਚਕਰਤਾਵਾਂ ਨੇ ਕਿਹਾ ਹੈ ਕਿ ਵਰਕਸ਼ਾਪਾਂ 'ਚ ਜਾਣ-ਬੁੱਝ ਕੇ ਕਾਰਾਂ ਦੀ ਬਾਡੀ ਨੂੰ ਨੁਕਸਾਨ ਪਹੁੰਚਾਉਣ ਮਗਰੋਂ ਪੁਰਾਣੀਆਂ ਗੱਡੀਆਂ ਦਾ ਸਮਾਨ ਰੰਗ-ਰੋਗਨ ਕਰਕੇ ਫਿੱਟ ਕਰ ਦਿੱਤਾ ਜਾਂਦਾ ਹੈ ਜਦਕਿ ਬਿੱਲ ਨਵੇਂ ਸਮਾਨ ਦਾ ਬਣਾਇਆ ਜਾਂਦਾ ਹੈ। ਇੰਨਾ ਹੀ ਨਹੀਂ ਕਈ ਮਾਮਲਿਆਂ 'ਚ ਗੱਡੀਆਂ 'ਤੇ ਬਹੁਤ ਜ਼ਿਆਦਾ ਖਰਚ ਹੋਣ ਦੀ ਦਲੀਲ ਦਿੱਤੀ ਜਾਂਦੀ ਹੈ।
ਅਵੀਵਾ ਕੈਨੇਡਾ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਾਦਸਿਆਂ ਮਗਰੋਂ ਮੁਰੰਮਤ ਲਈ ਆਈਆਂ ਗੱਡੀਆਂ 'ਤੇ ਹੋਏ ਖਰਚੇ 'ਚੋਂ ਅੱਧੇ ਫਰਜ਼ੀ ਸਨ, ਜਿਸ ਦੇ ਨਤੀਜੇ ਵਜੋਂ ਬੀਮਾ ਕੰਪਨੀ ਨੂੰ ਸਾਲਾਨਾ ਲੱਖਾਂ ਡਾਲਰ ਦਾ ਨੁਕਸਾਨ ਹੋਇਆ। ਅਵੀਵਾ ਕੈਨੇਡਾ ਦੇ ਵਾਈਸ ਪ੍ਰੈਜ਼ੀਡੈਂਟ ਗੌਰਡਨ ਰਾਸਬੈਕ ਨੇ ਕਿਹਾ ਕਿ ਬੇਹੱਦ ਚਾਲਾਕੀ ਨਾਲ ਕੀਤੇ ਜਾਣ ਵਾਲੇ ਘਪਲੇ ਦਾ ਪਤਾ ਲਗਾਉਣਾ ਬੇਹੱਦ ਮੁਸ਼ਕਲ ਸੀ ਪਰ ਸਾਡੀ ਟੀਮ ਨੇ ਹਰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤੇ ਘਪਲੇ ਤੋਂ ਪਰਦਾ ਚੁੱਕਿਆ ਗਿਆ। ਟੋਰਾਂਟੋ 'ਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਵਾਪਰੇ ਹਾਦਸਿਆਂ ਦਾ ਮਾਹਰਾਂ ਤੋਂ ਮੁਲਾਂਕਣ ਕਰਵਾਇਆ ਗਿਆ। ਕਾਰ ਡਰਾਈਵਰ ਦੇ ਰੂਪ 'ਚ ਜਾਂਚਕਰਤਾਵਾਂ ਨੇ ਹਾਦਸੇ ਪਿੱਛੋਂ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਉਨ੍ਹਾਂ ਦੀ ਕਾਰ ਨਾਲ ਪਹਿਲੀ ਵਾਰ ਹਾਦਸਾ ਵਾਪਰਿਆ ਹੋਵੇ। ਹਾਦਸੇ ਦਾ ਸ਼ਿਕਾਰ ਕਾਰਾਂ 'ਚ ਗੁਪਤ ਕੈਮਰੇ ਵੀ ਲਾਏ ਗਏ।
ਜਾਂਚਕਰਤਾਵਾਂ ਦੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਉਨ੍ਹਾਂ ਨੇ ਦੇਖਿਆ ਕਿ 10 ਹਾਦਸਾਗ੍ਰਸਤ ਕਾਰਾਂ ਦੀ ਮੁਰੰਮਤ ਕਰਨ ਵਾਲੀਆਂ ਵਰਕਸ਼ਾਪਾਂ 'ਚੋਂ ਸਿਰਫ ਇਕ ਨੇ ਇਮਾਨਦਾਰੀ ਨਾਲ ਬਿੱਲ ਬਣਾਇਆ। ਬਾਕੀ ਸਾਰੇ ਮਾਮਲਿਆਂ 'ਚ ਕਿਸੇ ਨਾ ਕਿਸੇ ਪੱਧਰ 'ਤੇ ਘਪਲੇ ਦੇ ਸਬੂਤ ਮਿਲੇ। ਅਵੀਵਾ ਮਾਹਰਾਂ ਮੁਤਾਬਕ 10 ਕਾਰਾਂ ਦੀ ਮੁਰੰਮਤ 'ਤੇ ਅੰਦਾਜ਼ਨ 30 ਹਜ਼ਾਰ ਡਾਲਰ ਖਰਚ ਹੋਣੇ ਚਾਹੀਦੇ ਸਨ ਪਰ ਬੀਮਾ ਕੰਪਨੀ ਨੂੰ 61 ਹਜ਼ਾਰ ਡਾਲਰ ਦਾ ਬਿੱਲ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਟੋਅ-ਟਰੱਕ ਡਰਾਈਵਰ ਵੀ ਬੀਮਾ ਕੰਪਨੀਆਂ ਨੂੰ ਚੂਨਾ ਲਾਉਣ 'ਚ ਪਿੱਛੇ ਨਹੀਂ ਹਨ, ਜੋ ਉਸ ਕੰਮ ਦਾ ਵੀ ਬਿੱਲ ਪੇਸ਼ ਕਰ ਦਿੰਦੇ ਹਨ, ਜੋ ਕਦੇ ਕੀਤਾ ਹੀ ਨਹੀਂ ਹੁੰਦਾ। ਗੌਰਡਨ ਨੇ ਕਿਹਾ ਕਿ ਵੀਡੀਓ ਫੁਟੇਜ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਹਾਦਸਾਗ੍ਰਸਤ ਕਾਰਾਂ ਦੀ ਮੁਰੰਮਤ ਦੇ ਮਾਮਲੇ 'ਚ ਕਿੰਨੀ ਘਪਲੇਬਾਜ਼ੀ ਹੁੰਦੀ ਹੈ। ਇਸ ਦਾ ਬੋਝ ਇਮਾਨਦਾਰ ਖਪਤਕਾਰਾਂ 'ਤੇ ਵੀ ਪੈਂਦਾ ਹੈ, ਜੋ ਵਧ ਪ੍ਰੀਮੀਅਮ ਅਦਾ ਕਰਦੇ ਹਨ। ਬੀਮਾ ਖੇਤਰਾਂ ਦੇ ਮਾਹਰਾਂ ਮੁਤਾਬਕ ਫਰਜ਼ੀ ਬਿੱਲਾਂ ਕਾਰਨ ਸਾਧਾਰਣ ਡਰਾਈਵਰਾਂ ਨੂੰ ਵੀ 5 ਤੋਂ 15 ਫੀਸਦੀ ਤੱਕ ਵਧ ਪ੍ਰੀਮੀਅਮ ਅਦਾ ਕਰਨਾ ਪੈਂਦਾ ਹੈ। ਫਰਜ਼ੀ ਬੀਮਾ ਦਾਅਵਿਆਂ ਦਾ ਪਤਾ ਲਗਾਉਣ ਲਈ ਆਪਣੇ ਤਰੀਕੇ ਵਰਤਣ ਕਾਰਨ ਕਈ ਵਾਰ ਅਵੀਵਾ ਨੂੰ ਅਦਾਲਤ 'ਚ ਝਾੜ ਦਾ ਵੀ ਸਾਹਮਣਾ ਕਰਨਾ ਪਿਆ ਹੈ।
ਬਰੈਂਪਟਨ ਤੇ ਮਿਸੀਸਾਗਾ ਵਰਗੇ ਇਲਾਕਿਆਂ 'ਚ ਉੱਚੀਆਂ ਕਾਰ ਬੀਮਾ ਦਰਾਂ ਲਗਾਤਾਰ ਚਰਚਾ ਦਾ ਵਿਸ਼ਾ ਰਹੀਆਂ ਹਨ ਤੇ 2014 ਦੀਆਂ ਚੋਣਾਂ ਸਮੇਂ ਲਿਬਰਲਾਂ ਨੇ ਦਰਾਂ 'ਚ 15 ਫੀਸਦੀ ਕਮੀ ਲਿਆਉਣ ਦਾ ਵਾਅਦਾ ਕੀਤਾ ਸੀ ਜੋ ਕਿ ਅਜੇ ਤੱਕ ਪੂਰਾ ਨਹੀਂ ਹੋਇਆ ਹੈ।