ਭੈਣ ਭਰਾ ਦੇ ਆਪਸੀ ਮੋਹ ਦਾ ਪ੍ਤੀਕ ਰੱਖੜੀ ਦਾ ਤਿਉਹਾਰ
ਸਾਡਾ ਭਾਰਤ ਤਿਉਹਾਰਾਂ ਦਾ ਦੇਸ ਹੈ।ਸਮਾਜ ਵਿੱਚ ਤਿਉਂਹਾਰਾਂ ਦਾ ਵਿਸ਼ੇਸ ਮਹੱਤਵ ਹੁੰਦਾ ਹੈ।ਕਿਸੇ ਇੱਕ ਤਿਉਹਾਰ ਦੀ ਤੁਲਨਾ ਕਿਸੇ ਦੂਜੇ ਨਾਲ ਨਹੀਂ ਕੀਤੀ ਜਾ ਸਕਦੀ ਹੈ।ਕੋਈ ਤਿਉਹਾਰ ਨੀਵਾਂ ਨਹੀਂ ਹੁੰਦਾ ਅਤੇ ਕੋਈ ਸਭਨਾਂ ਤੋਂ ਚੰਗਾ ਨਹੀਂ ਹੁੰਦਾ।ਭਾਰਤ ਵਿੱਚ ਵੱਖ ਵੱਖ ਧਰਮ ਦੇ ਲੋਕ ਹੋਣ ਕਰਕੇ ਵੱਖ ਵੱਖ ਤਰਾਂ ਦੇ ਤਿਉ਼ਹਾਰ ਵੇਖਣ ਨੂੰ ਮਿਲਦੇ ਹਨ।ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਹਰ ਫਿਰਕੇ ਦੇ ਲੋਕਾਂ ਦੁਆਰਾ ਆਪਣੇ ਤਿਉਂਹਾਰਾਂ ਨੂੰ ਪੂਰੇ ਜ਼ੋਸੋ ਖਰੋਸ਼ ਦੇ ਨਾਲ ਮਨਾਇਆ ਜਾਂਦਾ ਹੈ।ਕੁੁੱਝ ਕੁ ਤਿਉਹਾਰ ਇੱਕਠੇ ਹੋ ਕੇ ਮਨਾਉਣ ਦੀ ਪਰੰਪਰਾ ਹੈ।ਤਿਉਂਹਾਰ ਮਨੁੱਖੀ ਜੀਵਨ ਵਿੱਚ ਪ੍ਰੇਮ ਤੇ ਖ਼ੁਸ਼ੀਆਂ ਲਿਆਉਂਣ ਦੇ ਨਾਲ ਦੇਸ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤੀ ਪ੍ਰਦਾਨ ਕਰਦੇ ਹਨ।ਜੇ ਰਿਸ਼ਤੇ ਨਾਤਿਆਂ ਤੇ ਅਧਾਰਿਤ ਤਿਉਹਾਰਾਂ ਦੀ ਗੱਲ ਕੀਤੀ ਜਾਵੇ ਤਾਂ ਅਨੇਕਾਂ ਕਿਸਮ ਦੇ ਤਿਉਹਾਰ ਸਾਹਮਣੇ ਆਉਂਦੇ ਹਨ।ਪਰ ਭੈਣ ਅਤੇ ਭਰਾ ਦੇ ਆਪਸੀ ਮੋਹ ਦਾ ਪ੍ਤੀਕ ਰੱਖੜੀ ਦਾ ਤਿਉਹਾਰ ਆਪਣੀ ਨਿਵੇਕਲੀ ਪਹਿਚਾਣ ਰੱਖਦਾ ਹੈ।ਇਸ ਦਿਨ ਭੈਣ ਆਪਣੇ ਭਰਾ ਦੇ ਮੱਥੇ ਤੇ ਤਿਲਕ ਕਰਦੇ ਹੋਏ, ਮਿੱਠਾ ਮੂੰਹ ਕਰਵਾ ਕੇ ਗੁੱਟ ਤੇ ਰੱਖੜੀ ਬੰਨ ਕੇ ਉਸਦੀ ਲੰਮੀ ਉਮਰ ਅਤੇ ਤੰਦਰੁਸਤੀ ਦੀ ਕਾਮਨਾ ਕਰਦੀ ਹੈ ਅਤੇ ਵੀਰ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦਾ ਹੈ।ਇਸ ਮੌਕੇ ਵੀਰ ਆਪਣੀਆਂ ਭੈਣ ਨੂੰ ਗਿਫ਼ਟ ਵੀ ਦਿੰਦੇ ਹਨ ਜਿਸ ਨਾਲ ਖੁ਼ਸ਼ੀ ਵਿੱਚ ਹੋਰ ਇਜ਼ਾਫਾ ਹੁੰਦਾ ਹੈ।
ਰੱਖੜੀ ਦਾ ਤਿਉਂਹਾਰ ਆਮ ਕਰਕੇ ਅਗਸਤ ਅੰਗਰੇਜੀ ਮਹੀਨੇ ਦੇ ਵਿੱਚ ਹੀ ਆਉਂਦਾ ਹੈ।ਤਿਉ਼ਹਾਰ ਤੋਂ ਮਹੀਨਾਂ ਪਹਿਲਾਂ ਹੀ ਬਜ਼ਾਰਾਂ ਵਿੱਚ ਰੌਣਕ ਅਤੇ ਸਜਾਵਟ ਦੇਖਣ ਨੂੰ ਮਿਲਦੀ ਹੈ।ਇਸਦੀ ਤਾਰੀਖ਼ ਨਜ਼ਦੀਕ ਆਉਂਣ ਤੇ ਮਿਠਾਈਆਂ ਬਣਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।ਇਸ ਮੌਕੇ ਤੇ ਕਾਫੀ਼ ਖਰੀਦੋ ਫਰੋਖਤ ਕੀਤੀ ਜਾਂਦੀ ਹੈ।ਡਰਾਈ ਫਰੂਟ ਖਰੀਦਣ ਦਾ ਚਲਣ ਵੀ ਵਧਿਆ ਹੈ ਕਿਉਂ ਜੋ ਮਿਠਾਈਆਂ ਵਿੱਚ ਮਿਲਾਵਟ ਕੀਤੇ ਜਾਣ ਦੀ ਸੰਕਾ ਬਣੀ ਰਹਿੰਦੀ ਹੈ।ਦੁਕਾਨਦਾਰਾਂ ਵੱਲੋਂ ਰੱਖੜੀਆਂ ਦੇ ਲਈ ਵੱਖਰੇ ਵੱਡੇ ਟੇਬਲ ਦੁਕਾਨਾਂ ਦੇ ਬਾਹਰ ਰੱਖੇ ਜਾਂਦੇ ਹਨ।ਭੈਣਾਂ ਆਪਣੇ ਛੋਟੀ ਉਮਰ ਦੇ ਵੀਰਾਂ ਦੇ ਲਈ ਉਹਨਾਂ ਦੀ ਪਸੰਦ ਅਨੁਸਾਰ ਜੋਕਰ, ਕਾਰਟੂਨਾਂ, ਡੋਰੇਮੋਨ, ਸਪਾਈਡਰਮੈਨ ਵਾਲੀਆਂ ਰੱਖੜੀਆਂ ਨੂੰ ਖਰੀਦਣਾ ਪਸੰਦ ਕਰਦੀਆਂ ਹਨ ਜਦਕਿ ਵੱਡੇ ਵੀਰਾਂ ਦੇ ਲਈ ਸਾਦੀ ਰੱਖੜੀ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ।ਜਿਹੜੇ ਵੀਰ ਇਸ ਦਿਨ ਆਪਣੀ ਭੈਣ ਕੋਲ ਕਿਸੇ ਨਾ ਕਿਸੇ ਕਾਰਨ ਨਹੀਂ ਆ ਸਕਦੇ ਤਾਂ ਉਹਨਾਂ ਦੀਆਂ ਰੱਖੜੀਆਂ ਪਹਿਲਾਂ ਹੀ ਡਾਕ ਰਾਹੀ ਪੋਸਟ ਕਰ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਸਾਡੇ ਫੌਜੀ ਵੀਰ ਜੋ ਕਿ ਡਿਊਟੀ ਲਈ ਘਰ ਤੋਂ ਕਾਫੀ਼ ਦੂਰ ਹੁੰਦੇ ਹਨ।ਜੇਲ੍ਹ ਵਿੱਚ ਸਜ਼ਾ ਕੱਟ ਰਹੇ ਕੈਦੀਆਂ ਦੀਆਂ ਭੈਣਾਂ ਦੁਆਰਾ ਜੇਲ੍ਹ ਵਿੱਚ ਜਾ ਕੇ ਰੱਖਣੀ ਬੰਨੀ੍ ਜਾਂਦੀ ਹੈ।ਇਸ ਮੰਤਵ ਦੇ ਲਈ ਖਾਸ ਮੁਲਾਕਾਤਾਂ ਦਾ ਪ੍ਬੰਧ ਕੀਤਾ ਜਾਂਦਾ ਹੈ। ਜਿਹਨਾਂ ਭੈਣਾਂ ਦੇ ਕੋਈ ਭਰਾ ਨਹੀਂ ਹੁੰਦਾ ਜਾਂ ਜਿਸ ਭਰਾ ਦੀ ਕੋਈ ਭੈਣ ਨਹੀਂ ਹੁੰਦੀ ਤਾਂ ਉਹ ਬੜ੍ਹੇ ਨਿਰਾਸ਼ ਜਿਹੇ ਹੁੰਦੇ ਹਨ।ਉਹਨਾਂ ਦੁਆਰਾ ਆਪਣੀ ਰਿਸ਼ਤੇਦਾਰੀ ਵਿੱਚੋਂ ਕਿਸੇ ਕਜ਼ਨ ਸਿਸਟਰ ਤੋਂ ਰੱਖੜੀ ਬੰਨਵਾਂ ਕੇ ਤਿਉਹਾਰ ਮਨਾਇਆ ਜਾਂਦਾ ਹੈ।ਪੰਜਾਬ ਪ੍ਰਾਂਤ ਵਿੱਚ ਇਸ ਮੌਕੇ ਮੁਲਾਜ਼ਮਾਂ ਨੂੰ ਦੋ ਘੰਟੇ ਦੀ ਸਰਕਾਰੀ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ।ਕਈ ਰਾਜਾਂ ਵਿੱਚ ਸਰਕਾਰ ਵੱਲੋਂ ਪੂਰੇ ਦਿਨ ਲਈ ਮਹਿਲਾਵਾਂ ਨੂੰ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਜਾਂਦੀ ਹੈ ਤਾਂ ਜੋ ਆਰਥਿਕ ਤੌਰ ਤੇ ਕਮਜੋਰ ਪਰਿਵਾਰ ਵੀ ਤਿਉਹਾਰ ਮਨਾਉਣ ਤੋਂ ਵਾਂਝਾ ਨਾ ਰਹਿ ਜਾਵੇਂ।
ਰੱਖੜੀ ਦੀ ਸੁਰੂਆਤ ਸਬੰਧੀ ਕਈ ਤਰ੍ਹਾਂ ਦੀਆਂ ਕਹਾਣੀਆਂ ਪ੍ਚਲਿਤ ਹਨ।ਮਹਾਂਭਾਰਤ ਦੇ ਵਿੱਚ ਵੀ ਰੱਖੜੀ ਦਾ ਜ਼ਿਕਰ ਆਉਂਦਾ ਹੈ।ਭਗਵਾਨ ਸ਼੍ਰੀ ਕ੍ਰਿਸ਼ਨ ਦੀ ਸਰੁਤਦੇਵੀ ਨਾ ਦੀ ਇੱਕ ਚਾਚੀ ਸੀ ਜਿਸਦੇ ਬੱਚੇ ਦਾ ਨਾਮ ਸ਼ਿਸੂਪਾਲ ਸੀ।ਇਹ ਬਾਲਕ ਜਨਮ ਸਮੇਂ ਵਿਕਰਿਤ ਪੈਦਾ ਹੋਇਆ ਸੀ।ਵੱਡੇ ਵਡੇਰਿਆਂ ਦੇ ਅਨੁਸਾਰ ਇਹ ਬੱਚਾ ਜਿਸ ਕੋਲੋਂ ਠੀਕ ਹੋਵੇਗਾ ਉਹ ਵਿਅਕਤੀ ਹੀ ਉਸਦਾ ਅੰਤ ਕਰੇਗਾ।ਸ਼੍ਰੀ ਕ੍ਰਿਸ਼ਨ ਜੀ ਦੇ ਇਸ ਬੱਚੇ ਨੂੰ ਗੋਦੀ ਵਿੱਚ ਲੈੇਣ ਨਾਲ ਸ਼ਿਸੂਪਾਲ ਠੀਕ ਹੋ ਕੇ ਸੁੰਦਰ ਹੋ ਗਿਆ।ਸਰੁਤਦੇਵੀ ਆਪਣੇ ਬਾਲ ਦੇ ਜੀਵਨ ਦੀ ਭੀਖ ਸ਼੍ਰੀ ਕ੍ਰਿਸ਼ਨ ਜੀ ਤੋਂ ਮੰਗਣ ਲੱਗੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਸ਼ਿਸੂਪਾਲ ਦੇ 100 ਅਪਰਾਧ ਮਾਫ ਕਰ ਦੇਵੇਗਾ ਪਰ ਇਸ ਤੋਂ ਵੱਧ ਕੀਤੇ ਗਏ ਅਪਰਾਧ ਉਪਰੰਤ ਸਜ਼ਾ ਦਿੱਤੀ ਜਾਵੇਗੀ।ਸ਼ਿਸੂਪਾਲ ਵੱਡਾ ਹੋ ਕੇ ਇੱਕ ਕਰੂਰ ਰਾਜਾ ਬਣਿਆ ਜੋ ਕਿ ਪ੍ਰਜਾ ਦੇ ਉੱਪਰ ਬੜ੍ਹੇ ਹੀ ਜੁਲਮ ਕਰਦਾ ਸੀ।ਇਸ ਤਰ੍ਹਾਂ ਉਹ ਲਗਾਤਾਰ ਪਾਪ ਤੇ ਪਾਪ ਕਰਦਾ ਜਾ ਰਿਹਾ ਸੀ।ਇੱਕ ਵਾਰ ਤਾਂ ਉਸਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਹੀ ਚੁਣੌਤੀ ਦੇ ਦਿੱਤੀ।ਉਸਦੇ 100 ਪਾਪ ਪੂਰੇ ਹੋਣ ਕਰਕੇ ਸ੍ਰੀ ਕ੍ਰਿਸ਼ਨ ਜੀ ਨੇ ਸ਼ੁਦਰਸਨ ਚੱਕਰ ਦੇ ਨਾਲ ਵਾਰ ਕੀਤਾ।ਸ਼ਿਸੂਪਾਲ ਦੀ ਮੌਤ ਹੋ ਗਈ ਪਰ ਸ਼ੁਦਰਸਨ ਚੱਕਰ ਸ੍ਰੀ ਕ੍ਰਿਸ਼ਨ ਦੇ ਹੱਥ ਉੱਪਰ ਲੱਗਣ ਕਾਰਨ ਤੇਜ਼ ਲਹੂ ਵਹਿਣ ਲੱਗ ਪਿਆ ਜੋ ਕਿ ਦਰੋਪਤੀ ਨੇ ਦੇਖ ਲਿਆ।ਉਸਨੇ ਤਰੁੰਤ ਆਪਣੀ ਸਾੜੀ ਦੀ ਕਾਤਰ ਫਾੜ ਕੇ ਤੇਜ਼ ਵਹਿੰਦੇ ਹੋਏ ਲਹੂ ਨੂੰ ਰੋਕਿਆ।ਕ੍ਰਿਸ਼ਨ ਜੀ ਨੇ ਦਰੋਪਤੀ ਨੂੰ ਆਪਣੀ ਭੈਣ ਕਹਿੰਦੇ ਹੋਏ ਉਸਦੇ ਦੁੱਖ ਵੇਲੇ ਮੱਦਦ ਕਰਨ ਦਾ ਵਚਨ ਦਿੱਤਾ।ਕੌਰਵਾਂ ਵੱਲੋਂ ਦਰੋਪਤੀ ਦੇ ਚੀਰ ਹਰਨ ਸਮੇਂ ਸ਼੍ਰੀ ਕ੍ਰਿਸ਼ਨ ਨੇ ਉਸਦੀ ਰੱਖਿਆ ਕਰਕੇ ਆਪਣੇ ਭਰਾ ਹੋਣ ਦਾ ਧਰਮ ਨਿਭਾਇਆ।ਉਸ ਵੇਲੇ ਤੋਂ ਹੀ ਇਸਨੂੰ ਤਿਉਂਹਾਰ ਦੇ ਰੂਪ ਵਿੱਚ ਮਨਾਇਆ ਜਾਣ ਲੱਗ ਪਿਆ।ਇਸ ਤੋਂ ਇਲਾਵਾ ਚਿਤੌੜਗੜ੍ਹ ਦੀ ਰਾਣੀ ਕਰਮਵਤੀ ਦੁਆਰਾ ਆਪਣੇ ਰਾਜ ਦੀ ਰੱਖਿਆ ਦੇ ਲਈ ਮੁਗਲ ਸ਼ਾਸਕ ਹਿਮਾਂਯੂ ਨੂੰ ਰੱਖੜੀ ਭੇਜਣ ਬਾਰੇ ਵੇਰਵਾ ਮਿਲਦਾ ਹੈ।ਮਹਾਰਾਣੀ ਦੁਆਰਾ ਹਿਮਾਂਯੂ ਨੂੰ ਰੱਖੜੀ ਭੇਜਣ ਦਾ ਮੰਤਵ ਗੁਜਰਾਤ ਦੇ ਬਾਦਸ਼ਾਹ ਬਹਾਦਰ ਸ਼ਾਹ ਦੇ ਵੱਲੋਂ ਕੀਤੇ ਜਾਣ ਵਾਲੇ ਹਮਲੇ ਨੂੰ ਰੋਕਣਾ ਸੀ ਜਿਸ ਵਿੱਚ ਉਹਨਾਂ ਦੀ ਹਾਰ ਯਕੀਨੀ ਸੀ।ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੀ ਭੈਣ ਦੁਆਰਾ ਰੱਖਣੀ ਬੰਨਾਉਣ ਬਾਰੇ ਵੀ ਪਤਾ ਲੱਗਦਾ ਹੈ।ਰੱਖੜੀ ਦੇ ਇਤਿਹਾਸ ਦੇ ਨਾਲ ਸਬੰਧਿਤ ਹੋਰ ਵੀ ਬਹੁਤ ਸਾਰੀਆਂ ਦੰਦ ਕਥਾਵਾਂ ਹਨ।ਹਾਲਾਕਿ ਕੁੱਝ ਧਰਮ ਉਕਤ ਤੱਥਾਂ ਨੂੰ ਸਵੀਕਾਰ ਨਾ ਕਰਦੇ ਹੋਏ ਆਪਣੇ ਸਰਧਾਲੂਆਂ ਨੂੰ ਤਿਉਹਾਰ ਮਨਾਉਣ ਦੀ ਆਗਿਆ ਨਹੀਂ ਦਿੰਦੇ ਹਨ।
ਬੇਸੱਕ ਅਜੋਕੇ ਦੌਰ ਵਿੱਚ ਔਰਤਾਂ ਨੇ ਆਪਣੇ ਪੈਰਾਂ ਉੱਪਰ ਖੜੇ੍ਹ ਹੋ ਕੇ ਖੂਬ ਤਰੱਕੀ ਕਰ ਲਈ ਹੈ।ਉਹ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ।ਪਰ ਫਿਰ ਵੀ ਸਾਡੀ ਸੁਸਾਇਟੀ ਪੁਰਸ਼ ਪ੍ਧਾਨ ਹੋਣ ਸਦਕਾ ਅਕਸਰ ਔਰਤਾਂ ਉੱਪਰ ਕਿਸੇ ਨਾ ਕਿਸੇ ਤਰੀਕੇ ਰਾਹੀਂ ਜੁਲਮ ਢਾਹੁੰਦੀ ਰਹਿੰਦੀ ਹੈ ਜੋ ਕਿ ਅਫ਼ਸੋਸਜਨਕ ਹੈ।ਪਰ ਰੱਖੜੀ ਵਰਗੇ ਪਵਿੱਤਰ ਤਿਉਹਾਰ ਦੀ ਹੋਦ ਨਾਲ ਅਜਿਹੇ ਪੁਰਸ਼ਾਂ ਦੀ ਮਾੜੀ ਸੋਚ ਬਦਲਣ ਵਿੱਚ ਕਾਫੀ ਮਦਦ ਮਿਲਦੀ ਹੈ।ਆਪਣੀ ਭੈਣ ਦੀ ਰੱਖਿਆ ਕਰਨ ਦੀ ਸਹੁੰ ਚੁੱਕਣ ਵਾਲਾ ਭਰਾ ਦੂਜੀਆਂ ਇਸਤਰੀਆਂ ਨੂੰ ਵੀ ਸਤਿਕਾਰ ਦੀ ਭਾਵਨਾ ਨਾਲ ਵੇਖਦਾ ਹੈ।ਸੋ ਤਿਉਹਾਰ ਸਾਡੇ ਰਿਸ਼ਤੇ ਨਾਤਿਆਂ ਦੀਆਂ ਜੜ੍ਹਾਂ ਨੂੰ ਵਧੇਰੇ ਮਜਬੂਤ ਕਰਦੇ ਹੋਏ ਸਮਾਜ ਨੂੰ ਆਪਸੀ ਏਕਤਾ ਦੇ ਬੰਧਨ ਵਿੱਚ ਬੰਨਦੇ ਹਨ ਜੋ ਕਿ ਇੱਕ ਸ਼ਕਤੀਸ਼ਾਲੀ ਰਾਸ਼ਟਰ ਦੇ ਗਠਨ ਲਈ ਅਤਿ ਜਰੂਰੀ ਹੁੰਦੀ ਹੈ।ਸਾਡੇ ਤਿਉਹਾਰਾਂ ਦੀ ਮਿਠਾਸ ਕਾਇਮ ਰਹਿਣੀ ਚਾਹੀਦੀ ਹੈ।ਆਓ ਆਪਾਂ ਸਾਰੇ ਇਸ ਸੁੱਭ ਮੌਕੇ ਤੇ ਇਸਤਰੀਆਂ ਦੇ ਸਤਿਕਾਰ ਕਰਨ ਸਬੰਧੀ ਪ੍ਰਣ ਕਰੀਏ ਤਾਂ ਜੋ ਰੱਖੜੀ ਦੇ ਤਿਉਹਾਰ ਦਾ ਮੰਤਵ ਪੂਰਾ ਹੋ ਸਕੇ।
ਪਤਾ^298, ਚਮਨਦੀਪ ਸ਼ਰਮਾ ਮਹਾਰਾਜਾ ਯਾਦਵਿੰਦਰਾ ਇਨਕਲੇਵ
ਨਾਭਾ ਰੋਡ, ਪਟਿਆਲਾ
ਸੰਪਰਕ ਨੰਬਰ^ 95010 33005