ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਸੰਸਦੀ ਮਗਰੋਂ ਹੁਣ ਪੰਜਾਬ 'ਚ 7 ਜ਼ਿਮਨੀ ਚੋਣਾਂ ਤਿਆਰ
ਭੁਲੱਥ, ਦਾਖਾ, ਮਾਨਸਾ, ਰੋਪੜ ਤੇ ਜੈਤੋ ਵਿਧਾਨ ਸਭਾ ਹਲਕਿਆਂ ਦੇ ਮੌਜੂਦਾ ਵਿਧਾਇਕਾਂ ਬਾਰੇ ਫੈਸਲਾ ??
ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ) : ਲੋਕ ਸਭਾ ਚੋਣਾਂ ਦੀ ਸਮਾਪਤੀ ਤੋਂ ਬਾਅਦ ਹੁਣ ਸੂਬੇ ਦੇ ਸੱਤ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣ ਦੇ ਆਸਾਰ ਹਨ ਤੇ ਇਹ ਚੋਣਾਂ ਇੱਕੋ ਵੇਲੇ ਹੀ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਲੋਕ ਸਭਾ ਲਈ ਦੋ ਮੌਜੂਦਾ ਵਿਧਾਇਕ ਚੁਣੇ ਗਏ ਹਨ। ਜਲਾਲਾਬਾਦ ਤੋਂ ਵਿਧਾਇਕ ਸੁਖਬੀਰ ਸਿੰਘ ਬਾਦਲ, ਜੋ ਫਿਰੋਜ਼ਪੁਰ ਤੋਂ ਸੰਸਦੀ ਚੋਣ ਜਿੱਤੇ ਹਨ ਤੇ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਐਮਪੀ ਚੁਣੇ ਗਏ ਹਨ। ਹੁਣ ਇਹ ਦੋਵੇਂ ਸੀਟਾਂ ਅਗਲੇ ਦਿਨਾਂ ਵਿੱਚ ਖਾਲੀ ਹੋ ਜਾਣਗੀਆਂ ਤੇ ਇਨ੍ਹਾਂ ਦੋਵਾਂ ਸੀਟਾਂ ਤੇ ਜ਼ਿਮਨੀ ਚੋਣਾਂ ਹੋਣੀਆਂ ਤੈਅ ਹਨ। ਇਸ ਤੋਂ ਇਲਾਵਾ ਮਾਨਸਾ ਤੋਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਸ਼ਾਮਲ ਹੋਏ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਆਪੋ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਭੇਜ ਚੁੱਕੇ ਹਨ। 'ਆਪ' ਛੱਡ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਦੋਵੇਂ ਵਿਧਾਇਕਾਂ ਦੇ ਹਲਕਿਆਂ ਵਿੱਚ ਵੀ ਜ਼ਿਮਨੀ ਚੋਣਾਂ ਤੈਅ ਹਨ।'ਆਪ' ਤਾਂ ਸੁਖਪਾਲ ਖਹਿਰਾ ਨੇ ਵੀ ਛੱਡੀ ਹੈ, ਪਰ ਉਨ੍ਹਾਂ ਆਪਣੀ ਵੱਖਰੀ ਪਾਰਟੀ ਬਣਾ ਲਈ ਹੈ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਭੁਲੱਥ ਹਲਕੇ ਤੋਂ ਆਪਣੀ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦਿੱਤਾ ਹੋਇਆ ਹੈ। ਖਹਿਰਾ ਦਾ ਅਸਤੀਫ਼ੇ ਲੰਮਾ ਹੋਣ ਕਾਰਨ ਇਸ 'ਤੇ ਸਹੀ ਫਾਰਮੈਟ ਵਿੱਚ ਨਾ ਹੋਣ ਦੇ ਇਤਰਾਜ਼ ਉੱਠ ਸਕਦੇ ਹਨ। ਉੱਧਰ, ਲੁਧਿਆਣਾ ਜ਼ਿਲ੍ਹੇ ਦੇ ਹਲਕਾ ਦਾਖਾ ਤੋਂ ਵਿਧਾਇਕ ਤੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਵੀ ਵਿਧਾਨ ਸਭਾ ਤੋਂ ਆਪਣਾ ਅਸਤੀਫ਼ਾ ਦੇ ਚੁੱਕੇ ਹਨ। ਦੋਵਾਂ ਦੇ ਅਸਤੀਫ਼ਿਆਂ 'ਤੇ ਅੰਤਮ ਫੈਸਲਾ ਹੋਣਾ ਬਾਕੀ ਹੈ। ਜੇਕਰ ਵਿਧਾਨ ਸਭਾ ਦੇ ਸਪੀਕਰ ਉਨ੍ਹਾਂ ਦੇ ਅਸਤੀਫ਼ੇ ਪ੍ਰਵਾਨ ਕਰ ਲੈਂਦੇ ਹਨ ਤਾਂ ਇੱਥੇ ਦੋ ਜ਼ਿਮਨੀ ਚੋਣਾਂ ਹੋਰ ਹੋ ਸਕਦੀਆਂ ਹਨ, ਜੋ ਲਗਪਗ ਤੈਅ ਹੈ।ਪੰਜਾਬ ਦਾ ਇੱਕ ਹੋਰ ਹਲਕਾ ਜੈਤੋ ਜਿੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵਿਧਾਇਕ ਚੁਣੇ ਗਏ ਸਨ ਪਰ ਉਨ੍ਹਾਂ ਨੇ ਪੀਡੀਏ ਵੱਲੋਂ ਚੋਣ ਲੜੀ ਜੋ ਦਲ ਬਦਲੀ ਕਾਨੂੰਨ ਦੀ ਉਲੰਘਣਾ ਹੈ। ਸੋ, ਉਨ੍ਹਾਂ ਦੀ ਵਿਧਾਇਕੀ ਉਪਰ ਤਲਵਾਰ ਲਟਕ ਰਹੀ ਹੈ ਤੇ ਮਾਸਟਰ ਬਲਦੇਵ ਸਿੰਘ ਦੀ ਵਿਧਾਨ ਸਭਾ ਮੈਂਬਰਸ਼ਿਪ ਜਾਣੀ ਵੀ ਤੈਅ ਮੰਨੀ ਜਾ ਰਹੀ ਹੈ, ਜਿਸ ਨਾਲ ਇੱਥੇ ਵੀ ਜ਼ਿਮਨੀ ਚੋਣ ਹੋ ਸਕਦੀ ਹੈ।ਹੁਣ ਅਗਲੇ ਦਿਨਾਂ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਭੁਲੱਥ, ਦਾਖਾ, ਮਾਨਸਾ, ਰੋਪੜ ਤੇ ਜੈਤੋ ਵਿਧਾਨ ਸਭਾ ਹਲਕਿਆਂ ਦੇ ਮੌਜੂਦਾ ਵਿਧਾਇਕਾਂ ਬਾਰੇ ਫੈਸਲਾ ਲੈ ਸਕਦੇ ਹਨ। ਇਸ ਦੇ ਨਾਲ ਦੋ ਵਿਧਾਇਕਾਂ ਦੇ ਸੰਸਦ ਮੈਂਬਰ ਚੁਣੇ ਜਾਣ ਹੁਣ ਕੁੱਲ ਸੱਤ ਹਲਕੇ ਖਾਲੀ ਹੋ ਜਾਣਗੇ। ਹੁਣ, ਪੰਜਾਬ ਵਿੱਚ ਆਉਂਦੇ ਛੇ ਮਹੀਨਿਆਂ ਦਰਮਿਆਨ ਜ਼ਿਮਨੀ ਚੋਣਾਂ ਹੋ ਸਕਦੀਆਂ ਹਨ। ਅਜਿਹੇ ਵਿੱਚ ਸੂਬੇ ਦਾ ਸਿਆਸੀ ਪਾਰਾ ਫਿਰ ਇੱਕ ਵਾਰ ਉੱਪਰ ਨੂੰ ਜਾਵੇਗਾ।