ਕਰਜਾ ਮੁਆਫੀ ਨੂੰ ਲੈ ਕੇ ਕਿਸਾਨਾਂ ਦਾ ਧਰਨਾ 31 ਨੂੰ
ਭਵਾਨੀਗੜ੍ਹ, 27 ਮਈ (ਗੁਰਵਿੰਦਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਇੱਕ ਮੀਟਿੰਗ ਬਲਾਕ ਪ੍ਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਫੱਗੂਵਾਲਾ ਵਿਖੇ ਹੋਈ। ਮੀਟਿੰਗ ਦੌਰਾਨ ਯੂਨੀਅਨ ਦੇ ਜ਼ਿਲ੍ਹਾ ਪ੍ਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀਆਂ 7 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਪੰਜਾਬ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਕਿਸਾਨ ਕਰਜ਼ਾ ਮੁਆਫ਼ੀ ਅਤੇ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ- ਮਜ਼ਦੂਰਾਂ ਦੇ ਪੀੜਤ ਪਰਿਵਾਰਾਂ ਨੂੰ ਨੌਕਰੀ ਅਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ 31 ਮਈ ਨੂੰ ਇੱਕ ਦਿਨਾਂ ਧਰਨਾ ਦਿੱਤਾ ਜਾਵੇਗਾ। ਜਿਸ ਤਹਿਤ ਸੰਗਰੂਰ ਡੀਸੀ ਦਫ਼ਤਰ ਵਿਖੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਸਮੁੱਚੇ ਜਿਲੇ 'ਚੋਂ ਸੈੰਕੜੇ ਕਿਸਾਨ ਮਜਦੂਰ ਅੌਰਤਾਂ ਸਮੇਤ ਸਮੂਲੀਅਤ ਕਰਨਗੇ।ਇਸ ਮੌਕੇ ਕਿਸਾਨ ਆਗੂਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਝੋਨਾ ਲਾਉੰਣ ਲਈ ਖੇਤੀਬਾੜੀ ਲਈ ਬਿਜਲੀ ਸਪਲਾਈ ਇੱਕ ਜੂਨ ਤੋਂ ਨਿਰਵਿਘਨ ਚਾਲੂ ਕੀਤੀ ਜਾਵੇ। ਮੀਟਿੰਗ ਦੌਰਾਨ ਯੂਨੀਅਨ ਵੱਲੋਂ ਬੀਤੇ ਦਿਨੀਂ ਫਰੀਦਕੋਟ ਵਿਖੇ ਪੁਲਸ ਵੱਲੋਂ ਨੌਜਵਾਨ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਮਾਮਲੇ ਵਿਚ ਦੋਸ਼ੀ ਵਿਅਕਤੀਆਂ ਨੂੰ ਜਲਦ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।ਇਸ ਮੌਕੇ ਹੋਰ ਆਗੂਆਂ ਤੋਂ ਇਲਾਵਾ ਬਲਾਕ ਆਗੂ ਸੁਖਵਿੰਦਰ ਸਿੰਘ ਬਲਿਆਲ,ਗੁਰਦੇਵ ਸਿੰਘ ਆਲੋਅਰਖ਼, ਜਗਤਾਰ ਸਿੰਘ, ਰਘਵੀਰ ਸਿੰਘ ਘਰਾਚੋਂ, ਬਲਵਿੰਦਰ ਸਿੰਘ ਲੱਖੇਵਾਲ, ਜੋਗਾ ਸਿੰਘ,ਲਾਭ ਸਿੰਘ ਖੁਰਾਣਾ,ਲੀਲਾ ਸਿੰਘ ਈਲਵਾਲ, ਸੋਨੀ ਪੰਨਵਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।
ਮੀਟਿੰਗ ਦੌਰਾਨ ਹਾਜ਼ਰ ਕਿਸਾਨ।