ਭਵਾਨੀਗੜ ਪੁਲਿਸ ਨੂੰ ਸਫਲਤਾ ,ਚੋਰ ਗਿਰੋਹ ਦੇ 7 ਮੈਂਬਰ ਪੁਲਸ ਅੜਿਕੇ
-ਮੋਬਾਈਲ, ਫੋਨ ਲੈਪਟਾਪ ਤੇ ਮੋਟਰਸਾਇਕਲ ਸਮੇਤ ਹੋਰ ਸਮਾਨ ਬਰਾਮਦ-
ਭਵਾਨੀਗੜ੍ 28 ਮਈ (ਗੁਰਵਿੰਦਰ ਸਿੰਘ) ਇਲਾਕੇ ਵਿੱਚ ਸਰਗਰਮ ਚੋਰ ਗਿਰੋਹ ਦੇ 7 ਮੈਂਬਰਾਂ ਨੂੰ ਭਵਾਨੀਗੜ ਪੁਲਿਸ ਨੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਗਿਰੋਹ ਦੇ ਮੈਂਬਰਾਂ ਕੋਲੋਂ ਡੇਢ ਦਰਜਨ ਦੇ ਕਰੀਬ ਮੋਬਾਈਲ, ਫੋਨ ਲੈਪਟਾਪ ਤੇ ਭਾਰੀ ਗਿਣਤੀ ਵਿੱਚ ਫੋਨ ਦੀ ਅਸੈਸਰੀ ਅਤੇ ਦੋ ਮੋਟਰਸਾਈਕਲਾਂ ਨੂੰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਮੰਗਲਵਾਰ ਨੂੰ ਬੁਲਾਈ ਗਈ ਪ੍ਰੈੱਸ ਕਾਨਫਰੰਸ ਵਿੱਚ ਸੁਖਰਾਜ ਸਿੰਘ ਡੀਐੱਸਪੀ ਭਵਾਨੀਗੜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 17-18 ਮਈ ਦੀ ਦਰਮਿਆਨੀ ਰਾਤ ਪਿੰਡ ਨਦਾਮਪੁਰ ਵਿਖੇ ਤਾਜ ਟੈਲੀਕਾਮ ਤੋਂ ਅਣਪਛਾਤੇ ਵਿਅਕਤੀ ਦੁਕਾਨ ਦਾ ਜਿੰਦਾ ਤੋੜ ਕੇ ਮੋਬਾਈਲ ਫ਼ੋਨ ਸਮੇਤ ਅਸੈਸਰੀ ਤੇ ਇੱਕ ਲੈਪਟਾਪ ਚੋਰੀ ਕਰ ਲੈ ਗਏ ਸੀ ਜਿਸ ਸਬੰਧੀ ਥਾਣਾ ਭਵਾਨੀਗੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮੇ ਦੀ ਪੜਤਾਲ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਨਦਾਮਪੁਰ ਨਹਿਰ ਕੋਲ ਵੀਰਾਨ ਕਮਰਿਆਂ ਚ ਬੈਠੇ ਚੋਰੀ ਕਰਨ ਦੇ ਆਦੀ ਵਿਅਕਤੀ ਚੋਰੀ ਦਾ ਮਾਲ ਆਪਸ ਵਿਚ ਵੰਡ ਰਹੇ ਹਨ ਜਿਸ ਆਧਾਰ ਤੇ ਪੁਲਿਸ ਪਾਰਟੀ ਨੇ ਰੇਡ ਕਰਦਿਆਂ ਮੌਕੇ ਤੋਂ ਨਰਿੰਦਰ ਨਿੰਦੀ ਵਾਸੀ ਕੋਟਲੀ,ਗੁਰਸੇਵਕ ਸਿੰਘ ਉਰਫ ਸੇਬੀ, ਬਲਜਿੰਦਰ ਸਿੰਘ , ਜਗਸੀਰ ਸਿੰਘ , ਗੁਰਸੇਵਕ ਉਰਫ ਸੇਬੀ, ਲਾਡੀ ,ਕੁਲਵਿੰਦਰ ਸਿੰਘ ਹੈਪੀ ਸਾਰੇ ਵਾਸੀ ਕੁਲਾਰਾਂ (ਸਮਾਣਾ) ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 20 ਮੋਬਾਈਲ ਬੈਟਰੀਆਂ, 4 ਅਡਪਟਰ, 4 ਡਾਟਾ ਕੇਬਲ, 10 ਈਅਰਫੋਨ, 17 ਮੋਬਾਈਲ ਫੋਨ ਐਂਡ੍ਰਾਇਡ, 2ਲੈਪਟਾਪ,2 ਮੋਟਰਸਾਈਕਲ ਤੋਂ ਇਲਾਵਾ ਵਾਰਦਾਤ ਵਿੱਚ ਵਰਤੀ ਗਈ ਲੋਹੇ ਦੀ ਹੱਥੀ ਵਾਲੀ ਗੰਡਾਸੀ ਬਰਾਮਦ ਕੀਤੀ।ਡੀਐੱਸਪੀ ਸੁਖਰਾਜ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।ਪੁਲਸ ਨੂੰ ਪੁੱਛਗਿੱਛ ਦੌਰਾਨ ਦੋਸ਼ੀਆਂ ਕੋਲੋਂ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।ਇਸ ਮੌਕੇ ਮੁੱਖ ਥਾਣਾ ਅਫ਼ਸਰ ਭਵਾਨੀਗੜ ਇੰਸਪੈਕਟਰ ਪ੍ਰਿਤਪਾਲ ਸਿੰਘ,ਐੱਸ ਆਈ ਗੀਤਾ ਰਾਣੀ ਇੰਚਾਰਜ ਪੁਲਿਸ ਚੌਕੀ ਕਾਲਾਝਾੜ ਸਮੇਤ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।
ਕਾਬੂ ਕੀਤੇ ਚੋਰ ਗਰੋਹ ਦੇ ਮੈਂਬਰ ਪੁਲੀਸ ਪਾਰਟੀ ਨਾਲ ।