ਕੈਬਿਨਟ ਮੰਤਰੀ ਬਲਬੀਰ ਸਿੱਧੂ ਨੇ ਕੀਤੀ ਕਾਂਗਰਸੀ ਕੌਂਸਲਰਾਂ ਤੇ ਉਦਯੋਗਪਤੀਆਂ ਨਾਲ ਮੀਟਿੰਗ
ਨਿਗਮ ਦੇ ਕਮਿਸ਼ਨਰ ਨੂੰ ਲੋੜੀਂਦੀ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ
ਐਸ.ਏ.ਐਸ ਨਗਰ, 29 ਮਈ (ਗੁਰਵਿੰਦਰ ਸਿੰਘ ਮੋਹਾਲੀ ) ਮੋਹਾਲੀ ਦੇ ਉਦਯੋਗਪਤੀਆਂ ਨੇ ਅੱਜ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ ਅਤੇ ਉਹਨਾਂ ਦੇ ਹਲ ਕਰਨ ਦੀ ਮੰਗ ਕੀਤੀ| ਇਸ ਸੰਬੰਧੀ ਅੱਜ ਬਾਅਦ ਦੁਪਹਿਰ ਨਗਰ ਨਿਗਮ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਉਦਯੋਗਪਤੀਆਂ ਨੇ ਕਿਹਾ ਕਿ ਉਦਯੋਗਿਕ ਖੇਤਰ ਫੇਜ਼-8(ਬੀ) ਵਿੱਚ ਗਾਰਬੇਜ਼ ਪਲਾਂਟ ਹੋਣ ਕਰਕੇ ਬਾਹਰ ਦਾ ਕੋਈ ਵੀ ਉਦਯੋਗਪਤੀ ਇਥੇ ਆਪਣੀ ਇੰਡਸਟਰੀ ਲਗਾਉਣ ਲਈ ਤਿਆਰ ਨਹੀ ਹੈ| ਇਥੇ ਸਾਰਾ ਦਿਨ ਕੂੜੇ ਦੀ ਬਦਬੂ ਹੋਣ ਕਰਕੇ ਸਾਰੇ ਉਦਯੋਗਪਤੀ ਪ੍ਰੇਸ਼ਾਨ ਹਨ| ਇਸ ਇਲਾਕੇ ਦੀਆਂ ਸੜਕਾਂ ਦੀ ਹਾਲਤ ਤਰਸਯੋਗ ਹੈ ਅਤੇ ਪੀਣ ਵਾਲੇ ਪਾਣੀ ਦੇ ਵੀ ਲੋੜੀਂਦੇ ਇਤਜਾਮ ਨਹੀਂ ਹਨ| ਜਿਸ ਕਾਰਨ ਕਈ ਉਦਯੋਗਪਤੀ ਇਥੇ ਆਪ-ਦੀਆਂ ਫੈਕਟਰੀਆਂ ਲੈ ਕੇ ਜਾ ਰਹੇ ਹਨ ਅਤੇ ਬਾਹਰੋਂ ਕੋਈ ਵੀ ਉਦਯੋਗਪਤੀ ਇਥੇ ਆਉਣ ਲਈ ਤਿਆਰ ਨਹੀ ਹੈ|ਇਸ ਮੌਕੇ ਮੀਟਿੰਗ ਵਿੱਚ ਹਾਜਿਰ ਕਾਂਗਰਸੀ ਕੌਸਲਰਾਂ ਨੇ ਵੀ ਮੰਤਰੀ ਅੱਗੇ ਸ਼ਹਿਰ ਦੇ ਅਹਿਮ ਮਸਲੇ ਚੁੱਕੇ| ਕੌਸਲਰ ਕੁਲਜੀਤ ਬੇਦੀ ਨੇ ਦੱਸਿਆ ਕਿ ਸ਼ਹਿਰ ਵਿੱਚ ਪਾਣੀ ਦੀ ਗੰਭੀਰ ਸਮੱਸਿਆ ਹੈ ਅਤੇ ਸ਼ਹਿਰ ਦੀਆਂ 3-4 ਟਿਊਬਵੈਲਾਂ ਦੀਆਂ ਮੋਟਰਾਂ ਸੜੀਆਂ ਹੋਈਆਂ ਹਨ| ਇਸ ਮੌਕੇ ਸ੍ਰ. ਸਿੱਧੂ ਨੇ ਨਿਗਮ ਦੇ ਕਂਮਿਸ਼ਨਰ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ| ਕੌਸਲਰਾਂ ਨੇ ਮੰਗ ਕੀਤੀ ਕਿ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਰੋਡ ਗਲੀਆਂ ਦੀ ਸਫਾਈ ਕਰਵਾਈ ਜਾਵੇ| ਬਲਬੀਰ ਸਿੱਧੂ ਵੱਲੋ ਕਮਿਸ਼ਨਰ ਨੂੰ ਫੇਜ਼ 4, 5, 3ਬੀ2 ਅਤੇ 7 ਦੀ ਸਫਾਈ ਦਾ ਕੰਮ ਪਹਿਲ ਦੇ ਅਧਾਰ ਤੇ ਸ਼ੁਰੂ ਕਰਵਾਉਣ ਦਾ ਹੁਕਮ ਦਿੱਤਾ ਅਤੇ ਉਨ੍ਹਾਂ ਕਿਹਾ ਸ਼ਹਿਰ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਵੱਲੋਂ ਇਕ ਟੋਲ-ਫਰੀ ਨੰਬਰ ਜਾਰੀ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਲੋਕ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦੇ ਸੱਕਣ|ਮੀਟਿੰਗ ਦੌਰਾਨ ਸ਼ਹਿਰ ਵਿੱਚ ਦਿਨੋ-ਦਿਨ ਵੱਧਦੀ ਅਵਾਰਾ ਪਸ਼ੂਆ ਦੀ ਗਿਣਤੀ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਗਈ ਅਤੇ ਖਾਸ ਤੌਰ ਤੇ ਮਟੌਰ ਨਿਵਾਸੀ ਆਪਣੇ ਪਾਲਤੂ ਪਸ਼ੂਆਂ ਨੂੰ ਸੜਕਾਂ ਤੇ ਛੱਡ ਦਿੰਦੇ ਹਨ| ਇਸ ਮੌਕੇ ਮੰਤਰੀ ਨੇ ਕਮਿਸ਼ਨਰ ਨੂੰ ਕਿਹਾ ਕਿ ਫੜ੍ਹੇ ਗਏ ਪਸ਼ੂ ਲਾਲੜੂ ਨੇੜੇ ਛੱਡੇ ਜਾਇਆ ਕਰਨ ਤਾਂ ਜੋ ਇਹ ਸਮੱਸਿਆ ਹੱਲ ਹੋਵੇ|
ਕੌਂਸਲਰਾਂ ਤੇ ਉਦਯੋਗਪਤੀਆਂ ਨਾਲ ਮੀਟਿੰਗ ਦੌਰਾਨ ਕੈਬਿਨਟ ਮੰਤਰੀ ਬਲਬੀਰ ਸਿੱਧੂ