ਬੇਕਾਬੂ ਟਰੱਕ ਬਿਜਲੀ ਟਰਾਂਸਫਾਰਮਰ ਨਾਲ ਟਕਰਾ ਕੇ ਪਲਟਿਆ
-ਵੱਡਾ ਹਾਦਸਾ ਹੋਣੇ ਟਲਿਆ-
ਭਵਾਨੀਗੜ, 2 ਜੂਨ (ਗੁਰਵਿੰਦਰ ਸਿੰਘ)- ਪਿੰਡ ਕਾਕੜਾ ਵਿੱਚ ਬੀਤੀ ਰਾਤ ਇੱਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਟਰਾਂਸਫਾਰਮਰਾਂ ਵਾਲੇ ਪੋਲਾਂ 'ਚ ਟਕਰਾ ਕੇ ਪਲਟ ਗਿਆ। ਹਾਦਸੇ ਵਿੱਚ ਟਰੱਕ ਚਾਲਕ ਦਾ ਬਚਾਅ ਹੋ ਗਿਆ ਤੇ ਉਸਦੇ ਸਹਾਇਕ ਨੂੰ ਮਾਮੂਲੀ ਸੱਟਾਂ ਵੱਜੀਆਂ। ਉੱਥੇ ਹੀ ਘਟਨਾ ਵਿੱਚ ਬਿਜਲੀ ਦਾ ਟਰਾਂਸਫਾਰਮਰ ਪੂਰੀ ਤਰ੍ਹਾਂ ਨਾਲ ਤਹਿਸ ਨਹਿਸ ਹੋ ਗਿਆ ਜਿਸ ਮਗਰੋਂ ਪਿੰਡ ਵਿੱਚ ਬਿਜਲੀ ਦੀ ਸਪਲਾਈ ਕਈ ਘੰਟੇ ਬੰਦ ਰਹੀ ਤੇ ਲੋਕਾਂ ਨੂੰ ਗਰਮੀ ਵਿੱਚ ਤੜਫਨਾ ਪਿਆ। ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਕੋਈ ਕੈਮੀਕਲ ਲੈ ਕੇ ਭਵਾਨੀਗੜ੍ਹ ਵੱਲ ਆ ਰਿਹਾ ਇੱਕ ਟਰੱਕ ਪਿੰਡ ਕਾਕੜਾ ਨੇੜੇ ਮੋੜ ਮੁੜਨ ਸਮੇਂ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ਦੇ ਖੰਭਿਆਂ ਵਿੱਚ ਜਾ ਟਕਰਾਇਆ ਤੇ ਬਾਅਦ ਵਿੱਚ ਬੁਰੀ ਤਰਾਂ ਪਲਟ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਟਰੱਕ ਦਾ ਚਾਲਕ ਵਾਲ ਵਾਲ ਬੱਚ ਗਿਆ ਜਦੋਂਕਿ ਸਹਾਇਕ ਨੂੰ ਸੱਟਾਂ ਲੱਗੀਆਂ ਜਿਸ ਦੀ ਹਾਲਤ ਬਿਲਕੁੱਲ ਠੀਕ ਹੈ। ਘਟਨਾ ਸਬੰਧੀ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦਾ ਜਾਇਜ਼ਾ ਲਿਆ। ਵਿਭਾਗ ਦੇ ਮੁਲਾਜਮਾਂ ਨੇ ਆਖਿਆ ਕਿ ਟਰੱਕ ਦੀ ਟੱਕਰ ਨਾਲ ਬਿਜਲੀ ਦਾ ਟਰਾਂਫਾਰਮਰ ਦਾ ਨੁਕਸਾਨ ਹੋ ਗਿਆ ਤੇ ਬਿਜਲੀ ਵੀ ਬੰਦ ਹੋ ਗਈ। ਟਰੱਕ ਨੂੰ ਪਰੇ ਹਟਾ ਕੇ ਬਿਜਲੀ ਵਿਭਾਗ ਦੇ ਹੋਏ ਨੁਕਸਾਨ ਦਾ ਅੈਸਟੀਮੇਟ ਲਗਾ ਕੇ ਵਸੂਲ ਕੀਤਾ ਜਾਵੇਗਾ।ਓਧਰ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਬੇਕਾਬੂ ਟਰੱਕ ਸੜਕ ਕਿਨਾਰੇ ਘਰਾਂ ਜਾ ਦੁਕਾਨਾਂ 'ਚ ਘੁੱਸ ਜਾਂਦਾ ਤਾਂ ਕੋਈ ਵੱਡਾ ਨੁਕਾਸਾਨ ਹੋਣਾ ਸੀ ਜਿਸ ਤੋਂ ਬਚਾਅ ਹੋ ਗਿਆ।
ਪਿੰਡ ਕਾਕੜੇ ਵਿਖੇ ਟਰਾਂਫਾਰਮਰ ਨਾਲ ਟਕਰਾ ਕੇ ਪਲਟਿਆਂ ਟਰੱਕ।