ਚੰਨੋੰ ਵਿਖੇ ਪੁਲਸ ਪਬਲਿਕ ਮੀਟਿੰਗ ਆਯੋਜਿਤ
ਨਸ਼ਾ ਤਸਕਰੀ ਦਾ ਲੱਕ ਤੋੜਨ ਲਈ ਪਬਲਿਕ ਪੁਲਸ ਦਾ ਸਾਥ ਦੇਵੇ- ਡੀਅੈਸਪੀ
ਭਵਾਨੀਗੜ੍ਹ, 14 ਜੂਨ (ਗੁਰਵਿੰਦਰ ਸਿੰਘ)- ਸੂਬੇ ਵਿੱਚ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਪੁਲਸ ਚੈੱਕ ਪੋਸਟ ਕਾਲਾਝਾੜ ਦੇ ਅਧੀਨ ਪੈੰਦੇ ਪਿੰਡ ਚੰਨੋਂ ਵਿਖੇ ਡੀਅੈਸਪੀ ਭਵਾਨੀਗੜ ਸੁਖਰਾਜ ਸਿੰਘ ਪੀਪੀਐੱਸ ਵੱਲੋਂ ਪਿੰਡ ਦੇ ਪਤਵੰਤਿਆਂ ਤੇ ਇਲਾਕੇ ਦੇ ਪੰਚਾਂ ਸਰਪੰਚਾਂ ਨਾਲ ਪਬਲਿਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡੀਐਸਪੀ ਸੁਖਰਾਜ ਸਿੰਘ ਨੇ ਆਖਿਆ ਕਿ ਨਸ਼ੇ ਸਾਡੇ ਸਮਾਜ ਦੇ ਮੱਥੇ 'ਤੇ ਇੱਕ ਕਲੰਕ ਦੇ ਬਰਾਬਰ ਹਨ ਜਿਸ ਨਾਲ ਪਰਿਵਾਰਾਂ ਦੇ ਪਰਿਵਾਰ ਬਰਬਾਦ ਹੋ ਜਾਂਦੇ ਹਨ। ਨੌਜਵਾਨ ਪੀੜੀ ਕਈ ਵਾਰ ਗਲਤ ਹੱਥਾਂ 'ਚ ਖੇਡ ਕੇ ਚਿੱਟੇ ਵਰਗੇ ਭੈੜੇ ਨਸ਼ੇ ਦੀ ਚਪੇਟ 'ਚ ਆ ਕੇ ਅਪਣੀ ਜਵਾਨੀ ਖਤਮ ਕਰ ਬੈਠਦੀ ਹੈ,ਇਸ ਲਈ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਇਲਾਕੇ ਵਿੱਚ ਨਸ਼ਾ ਵੇਚਣ ਵਾਲੇ ਤਸਕਰਾਂ ਦੇ ਜਾਲ ਨੂੰ ਕੱਟਣ ਲਈ ਪੁਲਸ ਦਾ ਸਹਿਯੋਗ ਕੀਤਾ ਜਾਵੇ।ਉਨ੍ਹਾਂ ਆਖਿਆ ਕਿ ਨਸ਼ਾ ਤਸਕਰਾਂ ਦਾ ਨਾਮ ਦੱਸਣ ਵਾਲੇ ਵਿਅਕਤੀ ਦਾ ਨਾਂ ਤੇ ਪਤਾ ਪੂਰੀ ਤਰਾਂ ਨਾਲ ਗੁਪਤ ਰੱਖਿਆ ਜਾਵੇਗਾ। ਨਾਲ ਹੀ ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਸਰਕਾਰ ਵੱਲੋਂ ਉਸਦਾ ਇਲਾਜ ਮੁਫ਼ਤ ਸਰਕਾਰੀ ਨਸ਼ਾ ਛਡਾਊ ਕੇਂਦਰਾਂ ਵਿੱਚ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਪਿਛਲੇ ਦਿਨੀਂ ਸੁਨਾਮ ਦੇ ਪਿੰਡ ਭਗਵਾਨਪੁਰਾ ਵਿਖੇ ਵਾਪਰੀ ਮੰਦਭਾਗੀ ਘਟਨਾ ਸਬੰਧੀ ਮੀਟਿੰਗ 'ਚ ਹਾਜਰ ਪੰਚਾਂ ਅਤੇ ਸਰਪੰਚਾਂ ਨੂੰ ਕਿਹਾ ਜੇਕਰ ਕਿਸੇ ਪਿੰਡ ਵਿੱਚ ਕੋਈ ਬੋਰਵੈੱਲ ਖੁੱਲ੍ਹਾ ਮਿਲਦਾ ਹੈ ਤਾਂ ਉਸ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਮਾੜੀ ਘਟਨਾ ਨਾ ਵਾਪਰ ਸਕੇ। ਮੀਟਿੰਗ ਵਿੱਚ ਕਾਲਾਝਾੜ ਪੁਲਸ ਚੌਕੀ ਇੰਚਾਰਜ ਸਬ ਇੰਸਪੈਕਟਰ ਗੀਤਾ ਰਾਣੀ,ਮੁਨਸ਼ੀ ਗੁਰਮੀਤ ਸਿੰਘ, ਹੌਲਦਾਰ ਸੁਖਵਿੰਦਰ ਸਿੰਘ,ਜਗਰੂਪ ਸਿੰਘ ਸਮੇਤ ਗ੍ਰਾਮ ਪੰਚਾਇਤ ਚੰਨੋਂ ਦੇ ਸਰਪੰਚ ਅਰਵਿੰਦਰ ਪਾਲ ਕੌਰ ਢੀਂਡਸਾ, ਹਰਵਿੰਦਰ ਸਿੰਘ, ਵਰਿੰਦਰ ਸਿੰਘ ਲਾਲੀ , ਸ਼ਮਸ਼ੇਰ ਸਿੰਘ, ਲਖਵੀਰ ਸਿੰਘ , ਬਲਵੰਤ ਸਿੰਘ , ਗੁਰਮੀਤ ਕੌਰ (ਸਾਰੇ ਪੰਚ) ਰਾਜਿੰਦਰ ਸਿੰਘ ਕਾਲਾ, ਪੱਪੂ ਗਰਗ, ਗੁਰਵਿੰਦਰ ਸਿੰਘ ਸਾਬਕਾ ਪੰਚ, ਖ਼ਾਨ ਚੰਦ ਸਾਬਕਾ ਸਰਪੰਚ ਆਦਿ ਹਾਜਰ ਸਨ।
ਪਿੰਡ ਚੰਨੋੰ ਵਿਖੇ ਪਬਲਿਕ ਮੀਟਿੰਗ ਦੌਰਾਨ ਸੰਬੋਧਨ ਕਰਦੇ ਡੀਅੈਸਪੀ ਭਵਾਨੀਗੜ।