ਸਰਕਾਰੀ ਆਦੇਸ਼ਾ ਦੇ ਬਾਵਜੂਦ ਹਾਲੇ ਵੀ ਬੋਰਵੈਲ ਖੁਲੇ
ਮੀਡਿਆ ਵਲੋਂ ਮਾਮਲਾ ਡੀਸੀ ਦੇ ਧਿਆਨ 'ਚ ਲਿਆਉਣ ਤੋਂ ਬਾਅਦ ਅਧਿਕਾਰੀਆਂ ਦੀ ਖੁਲੀ ਅੱਖ
ਭਵਾਨੀਗੜ੍ਹ,15 ਜੂਨ (ਗੁਰਵਿੰਦਰ ਸਿੰਘ)- ਜਿਲਾ ਸਂਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਬੋਰਵੈੱਲ 'ਚ ਡਿੱਗ ਕੇ ਦੋ ਸਾਲਾਂ ਮਾਸੂਮ ਬੱਚੇ ਫਤਿਹਵੀਰ ਸਿੰਘ ਦੀ ਹੋਈ ਮੌਤ ਦੀ ਮੰਦਭਾਗੀ ਘਟਨਾ ਮਗਰੋਂ ਵੀ ਇੱਥੇ ਪ੍ਸ਼ਾਸਨ ਨੇ ਕੋਈ ਸਬਕ ਨਹੀਂ ਲਿਆ। ਬੀਤੇ ਦਿਨੀਂ ਸਬ ਡਵੀਜਨ ਭਵਾਨੀਗੜ ਦੇ ਪਿੰਡ ਰਾਮਪੁਰਾ ਵਿੱਚ ਖੁਲੇ ਮਿਲੇ ਬੋਰਵੈੱਲ ਤੋਂ ਬਾਅਦ ਹੁਣ ਪਿੰਡ ਬਾਲਦ ਕਲਾਂ ਵਿੱਚ ਪੰਚਾਇਤੀ ਜ਼ਮੀਨ 'ਚ ਲੱਗੇ ਕਰੀਬ 200 ਫੁੱਟ ਡੂੰਘਾ 9 ਇੰਚੀ ਚੋੜੇ ਖੁੱਲੇ ਖਤਰਨਾਕ ਦੋ ਬੋਰਵੈੱਲ ਅਜੇ ਤੱਕ ਪ੍ਸ਼ਾਸਨ ਦੀ ਨਜ਼ਰੀ ਨਹੀਂ ਚੜ ਸਕੇ ਹਨ। ਭਾਵੇ ਕਿ ਪਿੰਡ ਰਾਮਪੁਰਾ ਵਿੱਚ ਵਾਟਰ ਸਪਲਾਈ ਵਿਭਾਗ ਦੇ ਮੁਲਾਜਮਾਂ ਵੱਲੋਂ ਕੱਲ ਹੀ ਆਨਨ ਫਾਨਨ ਵਿੱਚ ਆਰਜੀ ਤੌਰ 'ਤੇ ਬੋਰਵੈੱਲ ਨੂੰ ਬੰਦ ਕਰਕੇ ਬੁੱਤਾ ਧੱਕ ਦਿੱਤਾ ਗਿਆ ਪਰ ਲੋਕਾਂ ਦਾ ਕਹਿਣਾ ਹੈ ਪ੍ਸ਼ਾਸਨ ਨੂੰ ਇਸ ਤਰਾਂ ਦੇ ਖਤਰਨਾਕ ਖੁੱਲੇ ਬੋਰਵੈੱਲਾਂ ਨੂੰ ਅਪਣੀ ਨਿਗਰਾਨੀ ਹੇਠ ਪੱਕੇ ਤੌਰ 'ਤੇ ਬੰਦ ਕਰਵਾਉਣੇ ਚਾਹੀਦੇ ਹਨ। ਸ਼ਨੀਵਾਰ ਨੂੰ ਪਿੰਡ ਬਾਲਦ ਕਲਾਂ ਵਿੱਚ ਪੱਤਰਕਾਰਾਂ ਦੀ ਇੱਕ ਟੀਮ ਵੱਲੋਂ ਜਾ ਕੇ ਦੇਖਿਆ ਗਿਆ ਕਿ ਵਾਟਰ ਵਰਕਸ ਦੀ ਇਮਾਰਤ ਦੇ ਠੀਕ ਸਾਹਮਣੇ ਪਿੰਡ ਦੀ ਪੰਚਾਇਤੀ ਜਮੀਨ 'ਚ ਲੱਗਿਆ ਖੁੱਲਾ ਪਿਆ ਬੋਰਵੈੱਲ ਕਦੇ ਵੀ ਕਿਸੇ ਵੱਡੇ ਹਾਦਸੇ ਨੂੰ ਜਨਮ ਦੇ ਸਕਦਾ ਹੈ। ਜਿਸ ਨੂੰ ਬੰਦ ਕਰਵਾਉਣ ਲਈ ਨਾ ਤਾਂ ਪੰਚਾਇਤ ਤੇ ਨਾ ਹੀ ਪ੍ਸ਼ਾਸਨ ਦੇ ਕਿਸੇ ਅਧਿਕਾਰੀ ਵੱਲੋਂ ਪਹਿਲ ਕੀਤੀ ਗਈ।ਜਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਭਰ ਵਿੱਚ ਪ੍ਸ਼ਾਸਨਿਕ ਅਧਿਕਾਰੀਆਂ ਨੂੰ ਅਪਣੇ ਅਪਣੇ ਇਲਾਕਿਆਂ 'ਚ ਖੁੱਲੇ ਪਏ ਬੋਰਵੈੱਲਾ ਬਾਰੇ ਜਾਣਕਾਰੀ ਇੱਕਤਰ ਕਰਕੇ ਉਨ੍ਹਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਪਰੰਤੂ ਬਾਵਜੂਦ ਇਸਦੇ ਭਵਾਨੀਗੜ ਵਿੱਚ ਪ੍ਸ਼ਾਸਨ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਗੰਭੀਰਤਾ ਨਾਲ ਲਾਗੂ ਕਰਵਾਉਣ ਵਿੱਚ ਢਿੱਲਾ ਸਾਬਤ ਹੋ ਰਿਹਾ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋ ਚੈੱਕ ਕਰਨ 'ਤੇ ਧਿਆਨ ਵਿੱਚ ਆਇਆ ਹੈ ਕਿ ਪੰਚਾਇਤੀ ਜਮੀਨ ਦੇ ਦੋਵੇਂ ਬੋਰਵੈੱਲਾਂ ਦੇ ਮੂੰਹ ਖੁਲੇ ਹਨ ਜਿੰਨਾਂ ਨੂੰ ਹੁਣੇ ਹੀ ਬੰਦ ਕਰਵਾਇਆ ਜਾਵੇਗਾ।ਇਸ ਤੋਂ ਇਲਾਵਾ ਪਿੰਡ ਆਲੋਅਰਖ ਤੇ ਡੇਹਲੇਵਾਲ-ਭਰਾਜ ਨੇੜੇ ਵੀ ਵਾਟਰ ਵਰਕਸ ਵਿੱਚ ਇਸੇ ਤਰਾਂ ਦੇ ਬੋਰਵੈੱਲ ਦੇ ਮੂੰਹ ਖੁੱਲੇ ਪਏ ਹੋਣ ਬਾਰੇ ਸੂਚਨਾ ਪ੍ਰਾਪਤ ਹੋਈ। ਉਧਰ ਖੁੱਲ੍ਹੇ ਬੋਰਵੈੱਲਾਂ ਸਬੰਧੀ ਪ੍ਸ਼ਾਸਨ ਨੂੰ ਜਾਣਕਾਰੀ ਦੇਣ ਲਈ ਜਦੋਂ ਪੱਤਰਕਾਰਾਂ ਵੱਲੋਂ ਐਸਡੀਐਮ ਭਵਾਨੀਗੜ ਨੂੰ ਫੋਨ ਕੀਤਾ ਗਿਆ ਤਾਂ ਜਨਾਬ ਨੇ ਇੱਕ ਵਾਰ ਵੀ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਬਾਅਦ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਾਮ ਥੋਰੀ ਦੇ ਉਕਤ ਮਾਮਲਾ ਧਿਆਨ ਵਿੱਚ ਲਿਆਉਂਣ 'ਤੇ ਸ਼ਾਮ ਤੱਕ ਸਬ ਡਵੀਜ਼ਨ ਭਵਾਨੀਗੜ ਦੇ ਪ੍ਸ਼ਾਸਨਿਕ ਅਧਿਕਾਰੀਆਂ ਵਿੱਚ ਹੜਕੰਪ ਮੱਚ ਗਿਆ ਤੇ ਮੀਡਿਆ ਕਰਮੀਆਂ ਦੇ ਫੋਨ ਕਾਲ ਅਟੈੰਡ ਨਾ ਕਰਨ ਵਾਲੇ ਅਧਿਕਾਰੀ ਖੁਦ ਫੋਨ ਕਰਕੇ ਸਬ ਡਿਵੀਜ਼ਨ ਵਿੱਚ ਖੁੱਲ੍ਹੇ ਬੋਰਵੈਲਾਂ ਬਾਰੇ ਜਾਣਕਾਰੀ ਹਾਸਲ ਕਰਦੇ ਰਹੇ।
ਪਿੰਡ ਬਾਲਦ ਕਲਾਂ ਵਿੱਚ ਖੁੱਲੇ ਪਏ ਬੋਰਵੈੱਲ ਦਾ ਦ੍ਰਿਸ਼।