ਪੰਜਾਬੀ ਗਾਇਕ ''ਤੇ ਫਾਇਰਿੰਗ
ਫਾਇਰਿੰਗ ਕਰਨ ਵਾਲਿਆਂ ਦਾ ਨਹੀਂ ਲੱਗਾ ਕੋਈ ਸੁਰਾਗ
ਐੱਸ ਏ ਐੱਸ ਨਗਰ (ਗੁਰਵਿੰਦਰ ਸਿੰਘ ਮੋਹਾਲੀ)
ਵੀਰਵਾਰ ਰਾਤ 11 ਵਜੇ ਦੇ ਨਜ਼ਦੀਕ ਚੰਡੀਗੜ੍ਹ-ਖਰੜ ਹਾਈਵੇਅ 'ਤੇ ਪਲਸਰ 'ਤੇ ਸਵਾਰ ਦੋ ਬਦਮਾਸ਼ਾਂ ਨੇ ਸੜਕ 'ਤੇ ਫਲ-ਫਰੂਟ ਖਰੀਦ ਰਹੇ ਪੰਜਾਬੀ ਗਾਇਕ ਬਲਤਾਜ ਖਾਨ 'ਤੇ ਫਾਇਰਿੰਗ ਕਰ ਦਿੱਤੀ। ਉਸ ਦੇ ਨਾਲ ਉਸ ਦੀ ਪਤਨੀ ਵੀ ਸੀ ਪਰ ਉਸ ਨੂੰ ਕੋਈ ਗੋਲੀ ਨਹੀਂ ਲੱਗੀ, ਜਦੋਂ ਕਿ ਗਾਇਕ ਨੂੰ ਤਿੰਨ ਗੋਲੀਆਂ ਲੱਗੀਆਂ ਸਨ। ਇਸ ਸਮੇਂ ਗਾਇਕ ਦੀ ਹਾਲਤ ਮੋਹਾਲੀ ਫੇਜ਼-6 ਦੇ ਇਕ ਹਸਪਤਾਲ 'ਚ ਨਾਜ਼ੁਕ ਬਣੀ ਹੋਈ ਹੈ। ਹਮਲਾਵਰਾਂ ਦਾ ਅਜੇ ਤਕ ਪੁਲਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਹੈ। ਕਿਤੇ ਪੁਰਾਣੀ ਰਜਿੰਸ਼ ਤਾਂ ਨਹੀਂ :- ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਮਾਮਲੇ 'ਚ ਕਈ ਪਹਿਲੂਆਂ 'ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਪਤਾ ਲੱਗ ਸਕੇ ਕਿ ਆਖਰ ਬਲਤਾਜ ਖਾਨ 'ਤੇ ਹਮਲਾ ਕਿਉਂ ਕੀਤਾ ਗਿਆ। ਗਾਇਕ ਦੀ ਫੈਮਿਲੀ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਤੇ ਕਿਸੇ ਦੇ ਨਾਲ ਕੋਈ ਪੁਰਾਣੀ ਰਜਿੰਸ਼ ਤਾਂ ਨਹੀਂ ਸੀ। ਨਾਲ ਹੀ ਵਾਰਦਾਤ ਵਾਲੀ ਥਾਂ ਅਤੇ ਆਲੇ-ਦੁਆਲੇ ਦਾ ਡੰਪ ਡਾਟਾ ਚੁੱਕਿਆ ਜਾ ਰਿਹਾ ਹੈ।