ਸੜਕ ਹਾਦਸੇ 'ਚ ਜਖਮੀ ਨੌਜਵਾਨ ਨੇ ਦਮ ਤੋੜਿਆ
ਭਵਾਨੀਗੜ੍ਹ,17 ਜੂਨ (ਗੁਰਵਿੰਦਰ ਸਿੰਘ )-ਪਿਛਲੇ ਦਿਨੀਂ ਸ਼ਹਿਰ ਵਿੱਚ ਸੜਕ ਪਾਰ ਕਰਦਿਆਂ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਚੰਡੀਗੜ੍ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਹਾਦਸੇ ਸਬੰਧੀ ਚਰਨ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਸੰਘਰੇੜੀ ਥਾਣਾ ਭਵਾਨੀਗੜ ਨੇ ਪੁਲਸ ਨੂੰ ਦੱਸਿਆ ਕਿ ਬੀਤੀ 10 ਜੂਨ ਨੂੰ ਉੱਹ ਅਪਣੇ ਲੜਕੇ ਕੁਲਦੀਪ ਸਿੰਘ (15) ਨਾਲ ਭਵਾਨੀਗੜ ਵਿਖੇ ਰਾਮਪੁਰਾ ਮੋੜ ਨੇੜੇ ਪੈਦਲ ਸੰਗਰੂਰ-ਪਟਿਆਲਾ ਮੁੱਖ ਸੜਕ ਪਾਰ ਕਰ ਰਿਹਾ ਸੀ ਤਾਂ ਇਸ ਦੌਰਾਨ ਇੱਕ ਤੇਜ ਰਫ਼ਤਾਰ ਸੈਂਟਰੋ ਕਾਰ ਦੇ ਚਾਲਕ ਨੇ ਬੜੀ ਲਾਪਰਵਾਹੀ ਨਾਲ ਅਪਣੀ ਕਾਰ ਲਿਆ ਕੇ ਕੁਲਦੀਪ ਸਿੰਘ ਵਿੱਚ ਮਾਰ ਦਿੱਤੀ।ਜਿਸ ਨਾਲ ਕੁਲਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।ਜਿਸਨੂੰ ਇਲਾਜ ਲਈ ਭਵਾਨੀਗੜ ਦੇ ਸਰਕਾਰੀ ਹਸਪਤਾਲ ਲਿਜਾਂਦਾ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਪਹਿਲਾਂ ਰਾਜਿੰਦਰਾ ਹਸਪਤਾਲ ਪਟਿਆਲਾ ਤੇ ਬਾਅਦ ਵਿੱਚ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ,ਜਿੱਥੇ ਬੀਤੇ ਕੱਲ ਕੁਲਦੀਪ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ਸਬੰਧੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਚਰਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਨੌਜਵਾਨ ਕੁਲਦੀਪ ਸਿੰਘ ਦੀ ਫਾਇਲ ਫੋਟੋ।