ਚੰਡੀਗੜ ਪੁਲੀਸ ਨੇ 32 ਸੌ ਡਰਾਈਵਰਾਂ ਦੇ ਲਾਇਸੈਂਸ ਕੀਤੇ ਮੁਅੱਤਲ
ਟ੍ਰੈਫਿਕ ਨਿਯਮਾਂ ਨੂੰ ਲੈ ਕੇ ਚੈਕਿੰਗ ਦੌਰਾਨ ਸ਼ਰਾਬੀਆਂ ਨੂੰ ਭਾਜੜਾਂ
ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ) ਚੰਡੀਗੜ ਦੀ ਮਹਿਲਾ ਐਸਐਸਪੀ ਨੀਲਾਂਬਰੀ ਜਗਦਲੇ ਨੇ ਸ਼ਹਿਰ ਦੀ ਨਾਕੇਬੰਦੀ ਕਰਕੇ ਤੇ ਵਿਆਪਕ ਤਲਾਸ਼ੀ ਮੁਹਿੰਮ ਚਲਾ ਕੇ 6,000 ਦੇ ਕਰੀਬ ਵਾਹਨਾਂ ਦੀ ਕੀਤੀ ਚੈਕਿੰਗ ਦੌਰਾਨ 534 ਚਲਾਨ ਕੱਟੇ ਤੇ 100 ਵਾਹਨ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ ਗਲਤ ਅਨਸਰ ਤੇ ਜਨਤਕ ਥਾਵਾਂ ’ਤੇ ਸ਼ਰਾਬ ਪੀਂਦੇ ਸੈਂਕੜੇ ਵਿਅਕਤੀ ਹਿਰਾਸਤ ’ਚ ਲੈ ਕੇ ਤੇ 3200 ਦੇ ਕਰੀਬ ਵਾਹਨ ਚਾਲਕਾਂ ਦੇ ਡਰਾਈਵਿੰਗ ਲਾਇਸੈਂਸ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਹੈ। ਐਸਐਸਪੀ ਨੀਲਾਂਬਰੀ ਨੇ ਸ਼ੁਰੂ ਕੀਤੀ ਗਈ ਨਵੀਂ ਸੁਰੱਖਿਆ ਨੀਤੀ ਤਹਿਤ ਸ਼ਹਿਰ ਦੇ 43 ਨਾਜ਼ਕ ਥਾਵਾਂ ਨੂੰ ਸੀਲ ਕਰਨ ਦੀ ਮੁਹਿੰਮ ਚਲਾਈ ਹੈ। ਇਹ ਮੁਹਿੰਮ 28 ਮਈ ਤੋਂ ਸ਼ੁਰੂ ਕੀਤੀ ਗਈ ਤੇ ਇਸ ਤਹਿਤ ਨਿਤ 161 ਨਾਕੇ ਲਾਏ ਜਾ ਰਹੇ ਹਨ। 38 ਮੋਬਾਈਲ ਨਾਕੇ ਲਾਉਣ ਦੀ ਮੁਹਿੰਮ ਵੀ ਚੱਲ ਰਹੀ ਹੈ। ਨਿਰੰਤਰ ਪੁਲੀਸ ਦੀਆਂ 82 ਪੈਟਰੋਲਿੰਗ ਪਾਰਟੀਆਂ ਘੁੰਮ ਕੇ ਸ਼ਹਿਰ ’ਤੇ ਕਾਂ ਅੱਖ ਰੱਖ ਰਹੀਆਂ ਹਨ। ਇਸ ਮੁਹਿੰਮ ਤਹਿਤ ਹੁਣ ਤੱਕ 6,000 ਵਾਹਨਾਂ ਦੀ ਚੈਕਿੰਗ ਕੀਤੀ ਹੈ। ਜਿਸ ਦੌਰਾਨ 534 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਹਨ। ਇਨ੍ਹਾਂ ’ਚੋਂ 100 ਵਾਹਨ ਜ਼ਬਤ ਵੀ ਕੀਤੇ ਗਏ ਤੇ 574 ਵਿਅਕਤੀਆਂ ਨੂੰ ਚਿਤਾਵਨੀ ਵਜੋਂ ਹਿਰਾਸਤ ’ਚ ਲਿਆ। ਇਸ ਤੋਂ ਇਲਾਵਾ 3 ਵਿਅਕਤੀਆ ਨੂੰ ਧਾਰਾ 107 ਤੇ 151 ਤਹਿਤ ਹਵਾਲਾਤ ਦੀ ਹਵਾ ਚਖਾਈ ਗਈ ਹੈ। ਪੁਲੀਸ ਨੂੰ ਇਸ ਦੌਰਾਨ ਵਾਹਨਾਂ ਦੀ ਲਈ ਤਲਾਸ਼ੀ ਦੌਰਾਨ ਲਾਲ ਮਿਰਚਾਂ ਦਾ ਪਾਊਡਰ, ਇਕ ਤਲਵਾਰ, ਦੋ ਗੰਡਾਸੀਆਂ, ਹੋਰ ਹਥਿਆਰ ਤੇ ਚੋਰੀ ਕੀਤਾ ਸਾਜ਼ੋ-ਸਾਮਾਨ ਬਰਾਮਦ ਕੀਤਾ ਹੈ। ਐਸਐਸਪੀ ਨੀਲਾਂਬਰੀ ਵੱਲੋਂ ਇਸ ਮੁਹਿੰਮ ਤੋਂ ਇਲਾਵਾ ਜਨਤਕ ਥਾਵਾਂ ਤੇ ਆਪਣੀਆਂ ਗੱਡੀਆਂ ’ਚ ਗਲਾਸੀਆਂ ਖੜਕਾਉਣ ਵਾਲੇ ਸੈਂਕੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਐਸਐਸਪੀ ਦਾ ਕਹਿਣਾ ਹੈ ਕਿ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲੇ ਅਕਸਰ ਜਿਥੇ ਹੜਦੁੰਗ ਮਚਾ ਕੇ ਸ਼ਹਿਰ ’ਚ ਦਹਿਸ਼ਤ ਪੈਦਾ ਕਰਦੇ ਹਨ ਉਥੇ ਖਾਸ ਕਰਕੇ ਅਜਿਹੇ ਅਨਸਰ ਸ਼ਰਾਬ ਦੀ ਲੋਰ ’ਚ ਕੁੜੀਆਂ ਤੇ ਮਹਿਲਾਵਾਂ ਲਈ ਵੀ ਖਤਰਾ ਬਣਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਪੁਲੀਸ ਨੇ 14 ਤੇ 15 ਜੂਨ ਨੂੰ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲੇ ਅਨਸਰਾਂ ਵਿਰੁੱਧ ਪੰਜਾਬ ਪੁਲੀਸ ਐਕਟ ਤਹਿਤ 42 ਕੇਸ ਦਰਜ ਕਰਕੇ 45 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੌਰਾਨ 3 ਕਾਰਾਂ ’ਚ ਸ਼ਰਾਬ ਦੀਆਂ ਮਹਿਫਲਾਂ ਚੱਲਦੀਆਂ ਵੀ ਫੜ੍ਹੀਆਂ ਹਨ ਤੇ ਇਹ ਵਾਹਨ ਵੀ ਜ਼ਬਤ ਕਰ ਲਏ ਹਨ। ਦੂਸਰੇ ਪਾਸੇ ਟਰੈਫਿਕ ਪੁਲੀਸ ਨੇ ਪਿਛਲੇ ਹਫਤੇ 136 ਵਿਅਕਤੀ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਫੜ੍ਹੇ ਹਨ ਜਦੋਂਕਿ ਇਸ ਵਰ੍ਹੇ ਹੁਣ ਤੱਕ 2200 ਦੇ ਕਰੀਬ ਸਰਾਬੀ ਡਰਾਈਵਰਾਂ ਦੇ ਚਲਾਨ ਕੱਟ ਕੇ ਉਨ੍ਹਾਂ ਦੇ ਵਾਹਨ ਜ਼ਬਤ ਕੀਤੇ ਹਨ। ਟਰੈਫਿਕ ਪੁਲੀਸ ਨੇ ਇਸ ਵਰ੍ਹੇ ਹੁਣ ਤੱਕ ਟਰੈਫਿਕ ਨਿਯਮਾਂ ਨੂੰ ਟਿੱਚ ਜਾਣਨ ਵਾਲੇ 3200 ਦੇ ਕਰੀਬ ਵਾਹਨ ਚਾਲਕਾਂ ਦੇ ਡਰਾਈਵਰ ਲਾਇਸੈਂਸ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ।