ਸ਼੍ਰੀ ਕ੍ਰਿਸ਼ਨ ਕਥਾ ਦੇ ਆਯੋਜਨ ਦੇ ਪਹਿਲੇ ਦਿਨ ਦੀ ਸ਼ੁਰੂਆਤ
ਸਮਾਜਿਕ ਪਰਿਵਰਤਨ ਤੋਂ ਪਹਿਲਾਂ ਮਨੁੱਖ ਦੇ ਅੰਦਰ ਪਰਿਵਰਤਨ ਜਰੂਰੀ- ਸਾਧਵੀ ਗਰਿਮਾ ਭਾਰਤੀ
ਭਵਾਨੀਗੜ੍ਹ, 27 ਜੂਨ (ਗੁਰਵਿੰਦਰ ਸਿੰਘ)ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਸ਼੍ਰੀ ਦੁਰਗਾ ਮਾਤਾ ਮੰਦਿਰ ਭਵਾਨੀਗੜ ਵਿਖੇ ਪੰਜ ਦਿਨਾਂ ਸ਼੍ਰੀ ਕ੍ਰਿਸ਼ਨ ਕਥਾ ਦੇ ਆਯੋਜਨ ਦੇ ਪਹਿਲੇ ਦਿਨ ਦੀ ਸ਼ੁਰੂਆਤ ਯਜਮਾਨ ਪੂਜਨ ਨਾਲ ਕੀਤੀ ਗਈ। ਇਸ ਮੌਕੇ ਵਰਿੰਦਰ ਮਿੱਤਲ ਪ੍ਧਾਨ ਅਗਰਵਾਲ ਸਭਾ ਭਵਾਨੀਗੜ ਨੇ ਪਰਿਵਾਰ ਸਹਿਤ ਪੂਜਨ ਕੀਤਾ ਤੇ ਸ਼੍ਰੀ ਗੁਰੂ ਆਸ਼ਤੋਸ਼ ਮਹਾਰਾਜ ਜੀ ਦੀ ਪਰਮ ਸੇਵਿਕਾ ਸਾਧਵੀ ਸੁਸ਼੍ਰੀ ਗਰਿਮਾ ਭਾਰਤੀ ਜੀ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਇੱਕ ਐਸਾ ਵਿਅਕਤੀਤਵ ਹੈ ਜਿਸਨੂੰ ਕਿਸੇ ਇੱਕ ਪਰਿਭਾਸ਼ਾ ਵਿੱਚ ਉਲੇਖ ਨਹੀਂ ਕੀਤਾ ਜਾ ਸਕਦਾ। ਸ਼੍ਰੀ ਕ੍ਰਿਸ਼ਨ ਚਿੱਤਚੌਰ ਮੁਰਲੀਧਰ ਹਨ, ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਚੱਕਰਧਾਰੀ ਹਨ, ਉਹ ਰਸਿਕ ਵੈਰਾਗੀ ਹਨ, ਉਹ ਹੀ ਦਵਾਰਿਕਾਧੀਸ਼, ਮਹਾਯੋਗੇਸ਼ਵਰ ਹਨ। ਕਥਾ ਦਾ ਮਹਤੱਵ ਦਸੱਦੇ ਹੋਏ ਸਾਧਵੀ ਜੀ ਨੇ ਕਿਹਾ ਕਿ ਪ੍ਰਭੂ ਦੀ ਕਥਾ ਪਾਪਾਂ ਨੂੰ ਖਤਮ ਕਰਨ ਵਾਲੀ ਹੈ। ਜਿੰਦਗੀ ਵਿੱਚ ਸਾਡਾ ਮਾਰਗਦਰਸ਼ਨ ਕਰਦੀ ਹੈ, ਜੀਵਨ ਵਿੱਚ ਭਗਤੀ ਦਾ ਸੰਚਾਰ ਕਰਦੀ ਹੈ, ਸਾਡੇ ਜੀਵਨ ਨੂੰ ਸੁੰਦਰ ਬਣਾਉਂਦੀ ਹੈ, ਪਰ ਇਹ ਕਥਾ ਮਾਤ ਲੋਕ ਵਿੱਚ ਹੀ ਸੰਭਵ ਹੈ। ਸਾਧਵੀ ਜੀ ਨੇ ਅੱਗੇ ਦਸਿੱਆ ਕਿ ਇਹ ਅਮ੍ਰਿਤ ਕਥਾ ਹੈ ਜੋ ਦੇਵਤਾਵਾਂ ਲਈ ਵੀ ਦੁਰਲੱਭ ਹੈ। ਰਾਜਾ ਪਰੀਕਸ਼ਿਤ ਨੇ ਸਵਰਗ ਅਮ੍ਰਿਤ ਦੀ ਜਗ੍ਹਾ, ਕਥਾ ਅਮ੍ਰਿਤ ਦੀ ਮੰਗ ਕੀਤੀ ਸੀ ਕਿਉਂਕਿ ਕਥਾ ਅਮ੍ਰਿਤ ਦਾ ਪਾਨ ਕਰਨ ਨਾਲ ਸਾਡੇ ਜਨਮਾਂ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਕੇਵਲ ਕਥਾ ਦੇ ਸੁਣਨ ਨਾਲ ਹੀ ਕਲਿਆਣ ਨਹੀਂ ਹੋਵੇਗਾ, ਸਾਨੂੰ ਵਿਚਾਰਾਂ ਨੂੰ ਜੀਵਨ ਅੰਦਰ ਲਾਗੂ ਕਰਨਾ ਪਵੇਗਾ। ਉਹਨਾਂ ਕਿਹਾ ਕਿ ਸਮਾਜ ਵਿੱਚ ਪਰਿਵਰਤਨ ਤੋਂ ਪਹਿਲਾਂ ਮਾਨਵ ਦੇ ਅੰਦਰ ਪਰਿਵਰਤਨ ਲਿਆਉਣਾ ਪਵੇਗਾ ਜੋ ਕਿ ਬ੍ਰਹਮ ਗਿਆਨ ਦੁਆਰਾ ਸੰਭਵ ਹੈ। ਕਥਾ ਦੇ ਦੌਰਾਨ ਦੀਪ ਪ੍ਰਚੰਡ ਕਰਨ ਲਈ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਦੀ ਧਰਮ ਪਤਨੀ ਸ਼੍ਰੀਮਤੀ ਕ੍ਰਿਸ਼ਨਾ ਗਰਗ, ਐਡਵੋਕੇਟ ਜਗਜੀਵਨ ਗਰਗ, ਤ੍ਰਿਸ਼ਲਾ ਦੇਵੀ, ਰੇਨੂ ਸਿੰਗਲਾ, ਨਾਰਾਇਣ ਰਾਮ ਸਚਦੇਵਾ, ਪ੍ਰਧਾਨ ਮਨੀਸ਼ ਸਿੰਗਲਾ, ਵਿਕਾਸ ਜਿੰਦਲ, ਰਾਮ ਚੰਦ ਗੋਇਲ, ਭੁਪਿੰਦਰ ਸਿੰਘ, ਦੁਰਗੇਸ਼ ਰਾਣੀ ਕੌਸ਼ਲ, ਸਰੋਜ ਸ਼ਰਮਾਂ, ਰਚਨਾ ਗੋਇਲ, ਵੀਨੂੰ ਗੋਇਲ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ। ਕਥਾ ਦਾ ਸਮਾਪਨ ਪ੍ਰਭੂ ਦੀ ਪਾਵਨ ਆਰਤੀ ਨਾਲ ਕੀਤਾ ਗਿਆ।
ਕਥਾ ਸੁਣਦੀ ਸੰਗਤ ਪ੍ਵਚਨ ਕਰਦੇ ਸਾਧਵੀ ਸੁਸ਼੍ਰੀ ਗਰਿਮਾ ਭਾਰਤੀ ਜੀ