ਲੋਕ ਨਿਰਮਾਣ ਵਿਭਾਗ ਵਿੱਚ ਕਾਰਜਕਾਰੀ ਇੰਜੀਨੀਅਰਾਂ ਦੀਆਂ ਪੱਦ ਉੱਨਤੀਆਂ ਦੀ ਜਾਂਚ ਦੀ ਮੰਗ
ਐੱਸ ਏ ਐੱਸ ਨਗਰ {ਗੁਰਵਿੰਦਰ ਸਿੰਘ ਮੋਹਾਲੀ} ਪੰਜਾਬ ਲੋਕ ਨਿਰਮਾਣ ਵਿਭਾਗ ਦੀ ਐਸਡੀਈਜ਼ ਦੀ ਐਸੋਸੀਏਸ਼ਨ ਦੇ ਚੇਅਰਮੈਨ ਗੁਰਵਿੰਦਰ ਸਿੰਘ ਬੇਦੀ ਅਤੇ ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਚੀਫ਼ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਵਿਭਾਗ ਵੱਲੋਂ ਆਦਰਸ਼ ਚੋਣ ਜ਼ਾਬਤਾ ਲੱਗਣ ਤੋਂ ਇਕ ਦਿਨ ਪਹਿਲਾਂ ਵਿਸ਼ੇਸ਼ ਵਿਅਕਤੀਆਂ ਨੂੰ ਐਕਸੀਅਨ ਦੀਆਂ ਤਰੱਕੀਆਂ ਦੇਣ ਲਈ ਸਾਰੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਅਤੇ ਬੀਤੀ 30 ਅਪਰੈਲ ਨੂੰ ਹੀ ਸਾਰੇ ਚੈਨਲਾਂ ’ਚੋਂ ਲੰਘ ਕੇ ਰਾਤੋ ਰਾਤ 9 ਜੂਨੀਅਰ ਐਸਡੀਓ ਨੂੰ ਤਰੱਕੀ ਦੇ ਕੇ ਐਕਸੀਅਨ ਬਣਾ ਦਿੱਤਾ। ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਗੂਆਂ ਨੇ ਕਿਹਾ ਕਿ ਸਬ ਡਿਵੀਜਨਲ ਇੰਜੀਨੀਅਰਾਂ ਦੀ ਸੀਨੀਅਰਤਾ ਸੂਚੀ 23 ਮਈ 2018 ਨੂੰ ਕੈਚ ਅਪ ਰੂਲ ਲਗਾਉਂਦੇ ਹੋਏ ਫੀਡਰ ਕੇਡਰ ਦੀ ਸੀਨੀਅਰਤਾ ਦੇ ਅਧਾਰ ’ਤੇ ਫਾਈਨਲ ਕੀਤੀ ਗਈ ਸੀ। ਇਸ ਦੇ ਅਧਾਰ ਤੇ ਬਤੌਰ ਕਾਰਜਕਾਰੀ ਇੰਜੀਨੀਅਰਜ਼ ਪੱਦ ਉਨਤੀਆਂ ਕੀਤੀਆਂ ਜਾਣੀਆਂ ਬਣਦੀਆਂ ਸਨ, ਜਦੋਂਕਿ ਇਸ ਸੀਨੀਅਰਤਾ ਸੂਚੀ ਨੂੰ ਮੁੜ 26 ਅਪਰੈਲ 2019 ਨੂੰ ਬਿਲਕੁਲ ਹੀ ਬਦਲ ਦਿੱਤਾ ਗਿਆ ਹੈ।ਉਨ੍ਹਾਂ ਦੋਸ਼ ਲਾਇਆ ਕਿ ਕੈਚ ਅਪ ਰੂਲ ਦੀ ਉਲੰਘਣਾ ਕਰਦੇ ਹੋਏ ਇਹ ਸੀਨੀਆਰਤਾ ਸੂਚੀ ਤਿਆਰ ਕੀਤੀ ਗਈ ਹੈ ਅਤੇ ਫੀਡਰ ਕੇਡਰ ਦੀ ਸੀਨੀਅਰਤਾ ਦਾ ਲਾਭ ਨਹੀਂ ਦਿੱਤਾ ਗਿਆ ਹੈ। ਇਸ ਸੀਨੀਅਰਤਾ ਸੂਚੀ ਨੂੰ ਨਾ ਹੀ ਵਿਭਾਗ ਦੀ ਵੈਬਸਾਇਟ ’ਤੇ ਪਾਇਆ ਗਿਆ ਅਤੇ ਨਾ ਹੀ ਸਰਕੁਲੇਟ ਕੀਤਾ ਗਿਆ। ਵਿਭਾਗੀ ਤਰੱਕੀ ਕਮੇਟੀ ਦੀ ਬੈਠਕ 30 ਅਪਰੈਲ 2019 ਨੂੰ ਕੀਤੀ ਗਈ ਅਤੇ ਇਸ ਦੀ ਕਾਰਵਾਈ ਉਸੇ ਦਿਨ ਮੁਕੰਮਲ ਕਰਦੇ ਹੋਏ ਕੇਸ ਚੋਣ ਕਮਿਸ਼ਨ ਦੀ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ। ਚੋਣ ਕਮਿਸ਼ਨ ਨੇ ਆਪਣੀ ਪ੍ਰਵਾਨਗੀ 1 ਮਈ 2019 ਨੂੰ ਦਿੱਤੀ ਅਤੇ ਵਿਭਾਗ ਵੱਲੋਂ 2 ਮਈ 2019 ਨੂੰ 9 ਐਸਡੀਈਜ਼ ਨੂੰ ਬਤੌਰ ਕਾਰਜਕਾਰੀ ਇੰਜੀਨੀਅਰ ਪਦ ਉੱਨਤੀ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ 9 ’ਚੋਂ 5 ਕਾਰਜਕਾਰੀ ਇੰਜੀਨੀਅਰਜ਼ ਰਿਜਰਵ ਵਰਗ ’ਚੋਂ ਬਣਾਏ ਗਏ ਹਨ ਅਤੇ 4 ਜਨਰਲ ਵਰਗ ਦੇ ਬਣਾਏ ਗਏ ਹਨ। 23 ਮਈ 2018 ਦੀ ਸੀਨੀਅਰਤਾ ਅਨੁਸਾਰ ਦੇ ਸੀਨੀਅਰ ਉਪ ਮੰਡਲ ਇੰਜੀਨੀਅਰਜ਼ ਨੂੰ ਛੱਡ ਕੇ ਜੂਨੀਅਰ ਨੂੰ ਪੱਦ ਉਨਤ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਨਾਲ ਕੁਝ ਕੁ ਵਿਅਕਤੀਆਂ ਨੂੰ ਅਨ ਉਚਿੱਤ ਲਾਭ ਦੇਣ ਲਈ ਦੋਹਾਂ ਵਰਗਾਂ ਭਾਵ ਜਨਰਲ ਅਤੇ ਰਿਜਰਵ ਨਾਲ ਧੱਕਾ ਕੀਤਾ ਗਿਆ ਹੈ।
ਫੈਡਰੇਸ਼ਨ ਅਤੇ ਐਸਡੀਈਜ਼ ਐਸੋਸੀਏਸ਼ਨ ਨੇ ਲੋਕ ਨਿਰਮਾਣ ਮੰਤਰੀ ਤੋਂ ਮੰਗ ਕੀਤੀ ਕਿ ਇਸ ਸਾਰੇ ਘਟਨਾਕ੍ਰਮ ਦੀ ਪੜਤਾਲ ਕਰਾਕੇ ਜ਼ਿੰਮੇਵਾਰ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ 23 ਮਈ 2018 ਨੂੰ ਜੋ ਸੀਨੀਅਰਤਾ ਸੂਚੀ ਫਾਈਨਲ ਕੀਤੀ ਗਈ ਸੀ। ਉਸ ਨੂੰ ਰੀ-ਸਟੋਰ ਕੀਤਾ ਜਾਵੇ ਅਤੇ 26 ਅਪਰੈਲ 2019 ਦੀ ਸੀਨੀਅਰਤਾ ਸੂਚੀ ਰੱਦ ਕੀਤੀ ਜਾਵੇ। ਇਸ ਮੌਕੇ ਗੁਰਜੀਤ ਸਿੰਘ, ਸੁਦੇਸ਼ ਕੁਮਾਰ, ਮੁਕੇਸ਼ ਪੁਰੀ, ਸੋਮ ਪ੍ਰਕਾਸ਼ ਸਰਮਾ ਅਤੇ ਮਾ. ਜਸਬੀਰ ਸਿੰਘ ਗੋਸਲ ਵੀ ਹਾਜ਼ਰ ਸਨ।