''ਤਿੰਨ ਤਲਾਕ 'ਤੇ ਫਿਰ ਉਹੀ ਬਹਾਨੇ"
ਐੱਸ ਏ ਐੱਸ ਨਗਰ {ਗੁਰਵਿੰਦਰ ਸਿੰਘ ਮੋਹਾਲੀ} ਸਵਾਲ ਹੈ ਕਿ ਉਹ ਲੋਕ ਜੋ ਔਰਤਾਂ ਦੇ ਹਿੱਤਾਂ ਦੇ ਮੁਦਈ ਹਨ, ਉਨ੍ਹਾਂ ਨੂੰ ਮੁਸਲਮਾਨ ਪੁਰਸ਼ਾਂ ਨੂੰ ਤਤਕਾਲ ਤਿੰਨ ਤਲਾਕ ਦੇ ਮਾਮਲੇ ਵਿਚ ਜੇਲ ਭੇਜਣ ਦੀ ਵਿਵਸਥਾ 'ਤੇ ਇੰਨਾ ਇਤਰਾਜ਼ ਕਿਉਂ ਹੈ?...ਤਤਕਾਲ ਤਿੰਨ ਤਲਾਕ ਦੀ ਬੁਰਾਈ ਨੂੰ ਰੋਕਣ ਲਈ ਬੀਤੇ ਦਿਨੀਂ ਲੋਕ ਸਭਾ ਵਿਚ ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ ਪੇਸ਼ ਕੀਤਾ ਗਿਆ। ਉਸ ਦੇ ਬਾਅਦ ਤੋਂ ਹੀ ਇਹ ਮੁੱਦਾ ਇਕ ਵਾਰ ਫਿਰ ਚਰਚਾ ਵਿਚ ਹੈ। ਕੁਝ ਲੋਕ ਕਹਿ ਰਹੇ ਹਨ ਕਿ ਜੋ ਵੀ ਪੁਰਸ਼ ਆਪਣੀ ਪਤਨੀ ਨੂੰ ਛੱਡਦਾ ਹੈ, ਉਸ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ। ਕੁਝ ਲੋਕ ਇਸ ਵਿਵਸਥਾ ਦਾ ਵਿਰੋਧ ਵੀ ਕਰ ਰਹੇ ਹਨ। ਸਵਾਲ ਹੈ ਕਿ ਉਹ ਲੋਕ ਜੋ ਔਰਤਾਂ ਦੇ ਹਿੱਤਾਂ ਦੇ ਮੁਦਈ ਹਨ, ਉਨ੍ਹਾਂ ਨੂੰ ਮੁਸਲਮਾਨ ਪੁਰਸ਼ਾਂ ਨੂੰ ਤਤਕਾਲ ਤਿੰਨ ਤਲਾਕ ਦੇ ਮਾਮਲੇ ਵਿਚ ਜੇਲ੍ਭੇਜਣ ਦੀ ਵਿਵਸਥਾ 'ਤੇ ਇੰਨਾ ਇਤਰਾਜ਼ ਕਿਉਂ ਹੈ? ਦੇਖਿਆ ਜਾਵੇ ਤਾਂ ਇਹ ਲੋਕ ਮੂਲ ਮੁੱਦੇ ਤੋਂ ਭੱਜਣ ਦੀ ਹੀ ਕੋਸ਼ਿਸ਼ ਕਰ ਰਹੇ ਹਨ। ਲੋਕ ਸਭਾ ਵਿਚ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 35 ਸਾਲ ਪਹਿਲਾਂ ਸ਼ਾਹਬਾਨੋ ਦੇ ਮੁੱਦੇ 'ਤੇ ਕਾਂਗਰਸ ਇਕ ਮੌਕਾ ਗੁਆ ਚੁੱਕੀ ਹੈ। ਹੁਣ ਫਿਰ ਤੋਂ ਇਕ ਮੌਕਾ ਉਸ ਕੋਲ ਹੈ ਪਰ ਉਹ ਆਪਣਾ ਪੁਰਾਣਾ ਵਤੀਰਾ ਜਾਰੀ ਰੱਖ ਰਹੀ ਹੈ। ਜ਼ਿਆਦਾਤਰ ਪਾਰਟੀਆਂ ਜੋ ਭਾਜਪਾ ਦਾ ਇਸ ਮੁੱਦੇ 'ਤੇ ਸਮਰਥਨ ਨਹੀਂ ਕਰਨਾ ਚਾਹੁੰਦੀਆਂ, ਉਹ ਕਹਿ ਰਹੀਆਂ ਹਨ ਕਿ ਜੇ ਪਤੀ ਜੇਲ੍ਹ ਚਲਾ ਜਾਵੇਗਾ ਤਾਂ ਪਰਿਵਾਰ ਕਿੱਦਾਂ ਚੱਲੇਗਾ? ਕੀ ਇਸ ਸਬੰਧ ਵਿਚ ਇਨ੍ਹਾਂ ਪਾਰਟੀਆਂ ਨੇ ਮੁਸਲਮਾਨ ਔਰਤਾਂ ਨਾਲ ਗੱਲਬਾਤ ਕੀਤੀ ਹੈ? ਸਈਦਾ ਹਮੀਦ ਨੇ ਬਹੁਤ ਪਹਿਲਾਂ ਮੁਸਲਮਾਨ ਔਰਤਾਂ ਨਾਲ ਗੱਲ ਕਰਨ ਮਗਰੋਂ ਰਾਸ਼ਟਰੀ ਮਹਿਲਾ ਕਮਿਸ਼ਨ ਲਈ 'ਵੁਆਇਸ ਆਫ ਦਿ ਵੁਆਇਸਲੈੱਸ' ਨਾਂ ਦੀ ਰਿਪੋਰਟ ਤਿਆਰ ਕੀਤੀ ਸੀ। ਜੇ ਉਨ੍ਹਾਂ ਪਾਰਟੀਆਂ ਨੇ ਉਨ੍ਹਾਂ ਨਾਲ ਗੱਲ ਕਰ ਲਈ ਹੁੰਦੀ ਜਾਂ ਉਸ ਰਿਪੋਰਟ ਨੂੰ ਹੀ ਪੜ੍ਹ ਲਿਆ ਹੁੰਦਾ ਤਾਂ ਉਹ ਹਕੀਕਤ ਤੋਂ ਜਾਣੂ ਹੋ ਗਈਆਂ ਹੁੰਦੀਆਂ। ਇਸ ਰਿਪੋਰਟ ਵਿਚ ਲਿਖਿਆ ਗਿਆ ਹੈ ਕਿ ਤਿੰਨ ਤਲਾਕ ਨੂੰ ਗ਼ਰੀਬ, ਮਜਬੂਰ ਮੁਸਲਮਾਨ ਔਰਤਾਂ ਬਹੁਤ ਸਹਾਰਦੀਆਂ ਹਨ। ਪਤੀ ਇਕਦਮ ਹੀ ਤਿੰਨ ਵਾਰ ਤਲਾਕ ਕਹਿ ਕੇ ਨਿਕਲ ਜਾਂਦੇ ਹਨ ਅਤੇ ਦੂਜਾ ਵਿਆਹ ਕਰਵਾ ਲੈਂਦੇ ਹਨ। ਬਾਲ-ਬੱਚਿਆਂ ਨੂੰ ਵੀ ਛੱਡੀ ਹੋਈ ਪਤਨੀ ਕੋਲ ਛੱਡ ਦਿੱਤਾ ਜਾਂਦਾ ਹੈ। ਸ਼ਾਹਬਾਨੋ ਨੇ ਆਪਣੇ ਪਤੀ ਤੋਂ ਗੁਜ਼ਾਰਾ ਭੱਤਾ ਹੀ ਮੰਗਿਆ ਸੀ ਪਰ ਅਫ਼ਸੋਸ ਹੈ ਕਿ ਉਸ ਸਮੇਂ ਦੀ ਰਾਜੀਵ ਗਾਂਧੀ ਸਰਕਾਰ ਕੱਟੜਪੰਥੀਆਂ ਅੱਗੇ ਇੰਨਾ ਝੁਕ ਗਈ ਕਿ ਉਸ ਨੇ ਔਰਤਾਂ ਦੇ ਹਿੱਤਾਂ ਨੂੰ ਇਕਦਮ ਦਰਕਿਨਾਰ ਕਰ ਦਿੱਤਾ ਸੀ। ਅੱਜ ਵੀ ਇਹੋ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਸ਼ਬਾਨਾ ਆਜ਼ਮੀ ਇਕ ਵਾਰ ਕਹਿ ਚੁੱਕੀ ਹੈ ਕਿ ਸਰਕਾਰਾਂ ਨੂੰ ਸਾਡੇ ਵਰਗੇ ਉਦਾਰਵਾਦੀ ਮੁਸਲਮਾਨਾਂ ਦੀ ਥਾਂ ਕੱਟੜਪੰਥੀ ਮੁਸਲਮਾਨ ਜ਼ਿਆਦਾ ਪਸੰਦ ਹਨ। ਜ਼ਿਆਦਾਤਰ ਪਾਰਟੀਆਂ ਹਾਲੇ ਇਸ ਵਿਚਾਰ ਤੋਂ ਮੁਕਤ ਨਹੀਂ ਹੋ ਸਕੀਆਂ ਹਨ ਕਿ ਮੁਸਲਮਾਨ ਆਪੋ-ਆਪਣੇ ਧਰਮ ਗੁਰੂਆਂ ਦੀਆਂ ਗੱਲਾਂ ਮੰਨਦੇ ਹਨ ਅਤੇ ਉਨ੍ਹਾਂ ਦੇ ਕਹਿਣ 'ਤੇ ਹੀ ਵੋਟਾਂ ਪਾਉਂਦੇ ਹਨ। ਕੀ ਮਹਿਲਾ-ਮਹਿਲਾ ਵਿਚ ਫ਼ਰਕ ਹੁੰਦਾ ਹੈ? ਜੋ ਲੋਕ ਪਤੀ ਦੇ ਜੇਲ੍ਹ ਚਲੇ ਜਾਣ 'ਤੇ ਦੁੱਖ ਮਨਾ ਰਹੇ ਹਨ, ਉਹ ਉਨ੍ਹਾਂ ਪੁਰਸ਼ਾਂ ਬਾਰੇ ਕੀ ਸੋਚਦੇ ਹਨ ਜਿਨ੍ਹਾਂ ਨੂੰ ਦਾਜ ਦੇ ਮਾਮਲਿਆਂ ਵਿਚ ਨਾਂ ਆਉਣ 'ਤੇ ਹੀ ਜੇਲ੍ਹ ਭੇਜ ਦਿੱਤਾ ਜਾਂਦਾ ਹੈ? ਕਾਨੂੰਨ ਤਾਂ ਆਖ਼ਰ ਸਭ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ। ਮਹਿਲਾਵਾਂ ਦੇ ਹਿੱਤਾਂ ਲਈ ਕੰਮ ਕਰਨ ਵਾਲਿਆਂ ਦੀ ਚੁੱਪੀ ਦੇਖ ਕੇ ਵੀ ਹੈਰਤ ਹੁੰਦੀ ਹੈ। ਕੀ ਮੁਸਲਮਾਨ ਔਰਤਾਂ ਔਰਤਾਂ ਨਹੀਂ ਹਨ?