ਆਸ਼ੀਰਵਾਦ ਸਕੀਮ ਤਹਿਤ ਲਾਭਪਾਤਰੀਆਂ ਨੂੰ 1.62 ਕਰੋੜ ਰੁਪਏ ਦੀ ਰਾਸ਼ੀ ਵੰਡੀ
ਸਕੀਮ ਤਹਿਤ ਲਾਭਪਾਤਰੀਆਂ ਨੂੰ ਦਿੱਤੇ ਜਾਂਦੇ ਹਨ 21 ਹਜ਼ਾਰ ਰੁਪਏ
ਐਸ.ਏ.ਐਸ.ਨਗਰ, 28 ਜੂਨ {ਗੁਰਵਿੰਦਰ ਸਿੰਘ ਮੋਹਾਲੀ} ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਦਾ ਲੋਕਾਂ ਨੂੰ ਵੱਡੇ ਪੱਧਰ ’ਤੇ ਲਾਭ ਮਿਲ ਰਿਹਾ ਹੈ। ਇਨ੍ਹਾਂ ਸਕੀਮਾਂ ਤਹਿਤ ਮਿਲਣ ਵਾਲੀ ਵਿੱਤੀ ਸਹਾਇਤਾ ਸਦਕਾ ਲੋੜਵੰਦਾਂ ਦੇ ਕਈ ਕਾਰਜ ਸਿਰੇ ਚੜ੍ਹ ਰਹੇ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਹੋ ਰਹੀਆਂ ਹਨ। ਇਹ ਪ੍ਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੀਆਂ ਸਕੀਮਾਂ ਦਾ ਲੋਕਾਂ ਨੂੰ ਵੱਡੇ ਪੱਧਰ ’ਤੇ ਫਾਇਦਾ ਮਿਲ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਪਹਿਲਾਂ 15 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ, ਜੋ ਜੁਲਾਈ 2017 ਵਿੱਚ ਪੰਜਾਬ ਸਰਕਾਰ ਵੱਲੋਂ ਵਧਾ ਕੇ 21 ਹਜ਼ਾਰ ਕੀਤੇ ਗਏ। ਆਸ਼ੀਰਵਾਦ ਸਕੀਮ ਤਹਿਤ ਦਿੱਤੀ ਜਾਂਦੀ ਇਹ ਰਾਸ਼ੀ ਲੋੜਵੰਦ ਪਰਿਵਾਰਾਂ ਦੀ ਲੜਕੀ ਦੇ ਵਿਆਹ ਵਿੱਚ ਕਾਫ਼ੀ ਸਹਾਈ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਵਿੱਚ ਬੀਤੇ ਵਿੱਤੀ ਸਾਲ ਦੌਰਾਨ 773 ਯੋਗ ਲਾਭਪਾਤਰੀਆਂ ਨੂੰ 1 ਕਰੋੜ 62 ਲੱਖ 33 ਹਜ਼ਾਰ ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਇਸ ਤੋਂ ਇਲਾਵਾ 643 ਕੇਸਾਂ ਪ੍ਰਵਾਨਗੀ ਲਈ ਭੇਜੇ ਹੋਏ ਹਨ, ਜਿਨ੍ਹਾਂ ਵਿੱਚ 1 ਕਰੋੜ 35 ਲੱਖ ਤਿੰਨ ਹਜ਼ਾਰ ਰੁਪਏ ਦੀ ਰਾਸ਼ੀ ਦਿਵਾਈ ਜਾਣੀ ਹੈ। ਆਸ਼ੀਰਵਾਦ ਸਕੀਮ ਤਹਿਤ ਮਿਲਣ ਵਾਲੀ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਖਾਤੇ ਵਿੱਚ ਪਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਜ਼ਰੂਰੀ ਹੈ ਕਿ ਬਿਨੈਕਾਰ ਪੰਜਾਬ ਦਾ ਵਸਨੀਕ ਹੋਵੇ ਅਤੇ ਲੜਕੀ ਦੀ ਉਮਰ 18 ਸਾਲ ਤੋਂ ਵੱਧ ਹੋਵੇ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਪਹਿਲਾਂ ਜਾਂ ਵਿਆਹ ਤੋਂ ਬਾਅਦ 30 ਦਿਨ ਤੱਕ ਦਰਖਾਸਤ ਦਿੱਤੀ ਜਾ ਸਕਦੀ ਹੈ ਅਤੇ ਇਕ ਪਰਿਵਾਰ ਦੀਆਂ ਦੋ ਲੜਕੀਆਂ ਨੂੰ ਲਾਭ ਦਿੱਤਾ ਜਾਂਦਾ ਹੈ।ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫਸਰ ਸ੍ਰੀ ਸੁੱਖਸਾਗਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਸਕੀਮ ਸਬੰਧੀ ਪਿੰਡਾਂ ਵਿੱਚ ਲਗਾਤਾਰ ਕੈਂਪ ਲਾਏ ਜਾ ਰਹੇ ਹਨ, ਜਿਨ੍ਹਾਂ ਰਾਹੀਂ ਲੋਕਾਂ ਨੂੰ ਇਸ ਸਕੀਮ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਉਨ੍ਹਾਂ ਦੀਆਂ ਅਰਜ਼ੀਆਂ ਵੀ ਲਈਆਂ ਜਾਂਦੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਸ਼ਰਤਾਂ ਪੂਰੀਆਂ ਕਰਦੇ ਲੋੜਵੰਦ ਇਸ ਸਕੀਮ ਦਾ ਲਾਭ ਲੈਣ ਲਈ ਅਰਜ਼ੀ ਜ਼ਰੂਰ ਦੇਣ। ਇਸ ਸਬੰਧੀ ਅਰਜ਼ੀਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜ਼ਿਲ ਸਥਿਤ ਦਫ਼ਤਰ ਵਿਖੇ ਦਿੱਤੀਆਂ ਜਾ ਸਕਦੀਆਂ ਹਨ।