ਮਾਮਲਾ ਆਦਮਪੁਰ ਹਵਾਈ ਅੱਡੇ ਦੇ ਨਾਂ ਦਾ
ਆਦਮਪੁਰ ਹਵਾਈ ਅੱਡੇ ਦਾ ਨਾਂਅ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਰੱਖਣ ਦੇ ਮਤੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਨਹੀਂ - ਪੰਜਾਬ ਸਰਕਾਰ
ਚੰਡੀਗੜ੍ਹ,30 ਜੂਨ 2019 (ਗੁਰਵਿੰਦਰ ਸਿੰਘ ਮੋਹਾਲੀ)
- ਪੰਜਾਬ ਸਰਕਾਰ ਨੇ ਅੱਜ ਸਪੱਸ਼ਟ ਕੀਤਾ ਕਿ ਆਦਮਪੁਰ ਹਵਾਈ ਅੱਡੇ ਦੇ ਸਥਾਨ ਦਾ ਨਾਂ ਜਲੰਧਰ ਹਵਾਈ ਅੱਡਾ 'ਚ ਬਦਲਣ ਦਾ ਮਹਿਜ਼ ਇਕ ਪ੍ਸਤਾਵ ਹੈ ਅਤੇ ਹਵਾਈ ਅੱਡੇ ਦਾ ਮੁੜ ਨਾਂ ਰੱਖਣ ਦਾ ਕੋਈ ਇਰਾਦਾ ਨਹੀਂ ਹੈ। ਇਕ ਸਰਕਾਰੀ ਬੁਲਾਰੇ ਨੇ ਅੱਜ ਦੱਸਿਆ ਕਿ ਮੌਜੂਦਾ ਵਿਧਾਨ ਸਭਾ ਦੇ ਮਤੇ ਅਨੁਸਾਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਹੋਵੇਗਾ ਅਤੇ ਇਸ ਮਤੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਹਵਾਈ ਅੱਡੇ ਦੇ ਸਥਾਨ ਦਾ ਨਾਂ ਜਲੰਧਰ ਰੱਖਣ ਨੂੰ ਮਨਜ਼ੂਰੀ ਦੇਣ ਬਾਰੇ ਕੀਤੀ ਅਪੀਲ ਨੂੰ ਕੁਝ ਮੀਡੀਆ ਰਿਪੋਰਟਾਂ ਵਿੱਚ ਗਲਤ ਢੰਗ ਨਾਲ ਬਿਆਨਣ ਤੋਂ ਬਾਅਦ ਇਹ ਸਪੱਸ਼ਟੀਕਰਨ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਇਸ ਸਬੰਧੀ ਅਪੀਲ ਪਰਵਾਸੀਆਂ ਭਾਰਤੀਆਂ ਅਤੇ ਕੌਮਾਂਤਰੀ ਮੁਸਾਫਰਾਂ ਦੀ ਅਜਿਹੀ ਮੰਗ 'ਤੇ ਕੀਤੀ ਸੀ ਕਿਉਂ ਜੋ ਇਨ੍ਹਾਂ ਵਿੱਚੋਂ ਬਹੁਤੇ ਜਲੰਧਰ ਨਾਂ ਨਾਲ ਸਬੰਧਤ ਹਨ ਜੋ ਆਦਮਪੁਰ ਦੇ ਮੁਕਾਬਲੇ ਵੱਡਾ ਅਤੇ ਜਾਣਿਆ-ਪਛਾਣਿਆ ਸ਼ਹਿਰ ਹੈ। ਬੁਲਾਰੇ ਨੇ ਦੱਸਿਆ ਕਿ ਆਦਮਪੁਰ ਪਹਿਲਾਂ ਸਿਰਫ ਹਵਾਈ ਫੌਜ ਦੀਆਂ ਉਡਾਨਾਂ ਲਈ ਸੀ ਪਰ ਭਾਰਤੀ ਹਵਾਈ ਫੌਜ ਵੱਲੋਂ ਹਾਲ ਹੀ ਵਿੱਚ ਸਿਵਲੀਅਨ ਫਲਾਈਟਾਂ ਲਈ ਇਸ ਹਵਾਈ ਅੱਡੇ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਨਾਲ ਇਸ ਨੂੰ ਆਦਮਪੁਰ ਹਵਾਈ ਅੱਡੇ ਵਜੋਂ ਸਬੰਧੋਤ ਕੀਤਾ ਜਾਣਾ ਲੱਗਾ ਜਿਸ ਕਰਕੇ ਬਹੁਤ ਸਾਰੇ ਪਰਵਾਸੀ ਭਾਰਤੀਆਂ ਅਤੇ ਪੰਜਾਬ ਆਉਣ ਵਾਲੇ ਮੁਸਾਫਰਾਂ ਇਸ ਤੋਂ ਜਾਣੂੰ ਨਹੀਂ ਹਨ