ਨਸ਼ਾ ਮੁਕਤ ਸਮਾਜ ਲਈ ਜਾਗਰੂਕਤਾ ਕੈਂਪ ਲਗਾਉਣ ਦੇ ਹੁਕਮ
ਨਸ਼ਾ ਵਿਰੋਧੀ ਮੁਹਿੰਮ ਤਹਿਤ ਡੇਪੋ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇ -ਐਸ.ਡੀ.ਐਮ
ਭਵਾਨੀਗੜ੍ਹ, 4 ਜੁਲਾਈ (ਗੁਰਵਿੰਦਰ ਸਿੰਘ)- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਸਬ ਡਵੀਜ਼ਨ ਭਵਾਨੀਗੜ ਵਿੱਚ ਡੇਪੋ ਗਤੀਵਿਧੀਆਂ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਐਸ.ਡੀ.ਐਮ ਅੰਕੁਰ ਮਹਿੰਦਰੂ ਵੱਲੋਂ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਸਬ-ਡਵੀਜ਼ਨ ਦੇ ਪਿੰਡਾਂ ਦੇ ਕਲਸਟਰ ਬਣਾ ਕੇ ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇ ਅਤੇ ਕਲਸਟਰ ਕੋਆਰਡੀਨੇਟਰ ਅਲਾਟ ਕੀਤੇ ਗਏ ਪਿੰਡਾਂ ਵਿੱਚ ਹਰ ਹਫ਼ਤੇ ਜਾਗਰੂਕਤਾ ਕੈਂਪਾਂ ਨੂੰ ਯਕੀਨੀ ਬਣਾਉਣਗੇ। ਇਸ ਮੌਕੇ ਮਹਿੰਦਰੂ ਨੇ ਕਿਹਾ ਕਿ ਨਸ਼ਿਆਂ ਦੇ ਮੁਕੰਮਲ ਸਫ਼ਾਏ ਦੀ ਇਸ ਮੁਹਿੰਮ ਵਿੱਚ ਸਵੈ ਇੱਛਾ ਨਾਲ ਵਲੰਟੀਅਰ ਬਣਨ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ ਅਤੇ ਲੋਕ ਮੁਹਿੰਮ ਦੇ ਰੂਪ ਵਿੱਚ ਵਿਕਸਤ ਕਰਦੇ ਹੋਏ ਘਰ ਘਰ ਨੂੰ ਨਸ਼ਾ ਮੁਕਤ ਕਰਨ ਵਿੱਚ ਯੋਗਦਾਨ ਪਾਇਆ ਜਾਵੇ।ਐਸ.ਡੀ.ਐਮ ਮਹਿੰਦਰੂ ਨੇ ਕਿਹਾ ਕਿ ਜੇਕਰ ਕੈਂਪ ਦੌਰਾਨ ਜਾਂ ਪਿੰਡ ਦੇ ਸਰਵੇਖਣ ਦੌਰਾਨ ਕੋਈ ਅਜਿਹਾ ਨਾਗਰਿਕ ਸਾਹਮਣੇ ਆਉਂਦਾ ਹੈ ਜੋ ਨਸ਼ਿਆਂ ਦੀ ਮਾੜੀ ਆਦਤ ਦਾ ਸ਼ਿਕਾਰ ਹੈ ਤਾਂ ਉਸ ਨੂੰ ਪ੍ਰੇਰਿਤ ਕਰਕੇ ਨੇੜਲੇ ਨਸ਼ਾ ਮੁਕਤੀ ਕੇਂਦਰ ਜਾਂ ਓਟ ਕਲੀਨਿਕ ਵਿੱਚ ਇਲਾਜ ਲਈ ਭੇਜਿਆ ਜਾਵੇ ਅਤੇ ਉਸਦੇ ਨਿਯਮਤ ਰਿਕਾਰਡ 'ਤੇ ਨਜ਼ਰ ਰੱਖੀ ਜਾਵੇ। ਉਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਸੁਚੇਤ ਕਰਨ ਦੀ ਹਦਾਇਤ ਵੀ ਕੀਤੀ। ਸ਼੍ਰੀ ਮਹਿੰਦਰੂ ਨੇ ਡੀ.ਐਸ.ਪੀ ਸੁਖਰਾਜ ਸਿੰਘ ਘੁੰਮਣ ਨੂੰ ਕਿਹਾ ਕਿ ਪੁਲਿਸ ਦੀ ਚੌਕਸੀ ਵਧਾ ਦਿੱਤੀ ਜਾਵੇ ਅਤੇ ਨਸ਼ਾ ਤਸਕਰਾਂ ਖਿਲਾਫ਼ ਸਖਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਉਨ੍ਹਾਂ ਪੇਂਡੂ ਖੇਤਰਾਂ 'ਤੇ ਵਧੇਰੇ ਧਿਆਨ ਦੇਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਮੀਟਿੰਗ ਦੌਰਾਨ ਡਾ.ਪ੍ਰਵੀਨ ਗਰਗ ਸੀਨੀਅਰ ਮੈਡੀਕਲ ਅਫ਼ਸਰ, ਮਨਜੀਤ ਸਿੰਘ ਭੰਡਾਰੀ ਤਹਿਸੀਲਦਾਰ, ਮਨਵਿੰਦਰਪਾਲ ਸਿੰਘ ਐਸ.ਡੀ.ਓ ਜਲ ਸਪਲਾਈ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਅੈਸ.ਡੀ ਅੈਮ. ਭਵਾਨੀਗੜ।